#OTHERS

ਲਹਿੰਦੇ ਪੰਜਾਬ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ; ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ

ਲਾਹੌਰ, 8 ਮਾਰਚ (ਪੰਜਾਬ ਮੇਲ)- ਤਿੰਨ ਵਾਰ ਵਿਧਾਇਕ ਚੁਣੇ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਲਹਿੰਦੇ ਪੰਜਾਬ ਦੀ ਮਰੀਅਮ ਸਰਕਾਰ ਵਿਚ ਸੂਬਾਈ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਦੇਸ਼ ਵੰਡ ਮਗਰੋਂ ਲਹਿੰਦੇ ਪੰਜਾਬ ਵਿਚ ਕੈਬਨਿਟ ਮੰਤਰੀ ਬਣਨ ਵਾਲੇ ਪਹਿਲੇ ਸਿੱਖ ਹਨ। ਲਾਹੌਰ ਵਿਚ ਗਵਰਨਰ ਹਾਊਸ ਵਿਚ ਰੱਖੇ ਸਮਾਗਮ ਦੌਰਾਨ ਅਰੋੜਾ ਨੇ ਮੰਤਰੀ ਵਜੋਂ ਹਲਫ਼ ਲਿਆ। ਅਰੋੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਵੀ ਹਨ। ਰੋਜ਼ਨਾਮਚਾ ਡਾਅਨ ਦੀ ਰਿਪੋਰਟ ਮੁਤਾਬਕ ਅਰੋੜਾ ਨੂੰ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੀ ਕੈਬਨਿਟ ਵਿਚ ਘੱਟ ਗਿਣਤੀਆਂ ਬਾਰੇ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।
ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਪਾਰਟੀ ਨਾਲ ਸਬੰਧਤ ਰਮੇਸ਼ ਸਿੰਘ ਅਰੋੜਾ ਨੇ 8 ਫਰਵਰੀ ਨੂੰ ਹੋਈਆਂ ਚੋਣਾਂ ਵਿਚ ਮਿਲੀ ਜਿੱਤ ਨਾਲ ਲਾਹੌਰ ਸੂਬਾਈ ਅਸੈਂਬਲੀ ਵਿਚ ਆਪਣੇ ਤੀਜੇ ਕਾਰਜਕਾਲ ਲਈ ਵਾਪਸੀ ਕੀਤੀ ਹੈ। ਨਾਰੋਵਾਲ ਜ਼ਿਲ੍ਹੇ ਨਾਲ ਸਬੰਧਤ ਰਮੇਸ਼ ਸਿੰਘ ਅਰੋੜਾ 2013 ਵਿਚ ਪੰਜਾਬ ਸੂਬਾਈ ਅਸੈਂਬਲੀ ਲਈ ਹਲਫ਼ ਲੈਣ ਵਾਲੇ ਪਹਿਲੇ ਸਿੱਖ ਮੈਂਬਰ ਸਨ। ਪੰਜਾਬ ਦੇ ਈਸਾਈ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਇਕ ਹੋਰ ਮੈਂਬਰ ਖਲਿਲ ਤਾਹਿਰ ਸਿੰਧੂ ਨੂੰ ਵੀ ਪੰਜਾਬ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਸਿੰਧੂ ਨੂੰ ਮਨੁੱਖੀ ਅਧਿਕਾਰਾਂ ਬਾਰੇ ਮੰਤਰਾਲਾ ਦਿੱਤਾ ਗਿਆ ਹੈ।
ਲਹਿੰਦੇ ਪੰਜਾਬ ‘ਚ ਮੰਤਰੀ ਬਣਾਏ ਜਾਣ ਮਗਰੋਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ ਰਾਹੀਂ ਦੁਵੱਲੇ ਵਪਾਰ ਦੀ ਬਹਾਲੀ ਲਈ ਯਤਨ ਤੇਜ਼ ਕਰਨਗੇ। ਉਨ੍ਹਾਂ ਆਖਿਆ ਕਿ ਉਹ ਪਾਕਿਸਤਾਨ ‘ਚ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹਨ ਅਤੇ ਉਨ੍ਹਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੋਵੇਂ ਪਾਸਿਆਂ ‘ਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਵੀ ਕੀਤੇ ਜਾਣਗੇ। ਉਹ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰਾਂ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਦੀ ਥਾਂ ਆਧਾਰ ਕਾਰਡ ਜਾਂ ਹੋਰ ਸ਼ਨਾਖਤੀ ਕਾਰਡ ਦੀ ਵਰਤੋਂ ਬਾਰੇ ਵੀ ਮਾਮਲਾ ਉਭਾਰਨਗੇ।