#INDIA

ਲਲਿਤ ਮੋਦੀ ਨੂੰ ਵਾਨੂਆਤੂ ਦਾ ‘ਗੋਲਡਨ ਪਾਸਪੋਰਟ’ ਮਿਲਿਆ

ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਆਈ.ਪੀ.ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸ਼ੁੱਕਰਵਾਰ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਆਪਣਾ ਪਾਸਪੋਰਟ ਸਪੁਰਦ ਕਰ ਦਿੱਤਾ ਅਤੇ ਦੱਖਣੀ ਪ੍ਰਸ਼ਾਂਤ ਦੇ ਇੱਕ ਛੋਟੇ ਟਾਪੂ ਵਾਨੂਆਤੂ ਦੀ ਨਾਗਰਿਕਤਾ ਲੈ ਲਈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਨਿਵੇਸ਼ ਦੁਆਰਾ ਨਾਗਰਿਕਤਾ ਜਾਂ ‘ਗੋਲਡਨ ਪਾਸਪੋਰਟ’ ਪ੍ਰੋਗਰਾਮ ਵਾਨੂਆਤੂ ਵਿਚ ਪ੍ਰਸਿੱਧ ਹੈ, ਜੋ ਅਮੀਰ ਵਿਅਕਤੀਆਂ ਨੂੰ ਪਾਸਪੋਰਟ ਖਰੀਦਣ ਦੀ ਆਗਿਆ ਦਿੰਦਾ ਹੈ।
ਵਾਨੂਆਤੂ ਵਿਚ ਇੱਕ ਪ੍ਰਸਿੱਧ ”ਨਿਵੇਸ਼ ਦੁਆਰਾ ਨਾਗਰਿਕਤਾ” (ਸੀ.ਬੀ.ਆਈ.) ਜਾਂ ”ਗੋਲਡਨ ਪਾਸਪੋਰਟ” ਪ੍ਰੋਗਰਾਮ ਹੈ, ਜੋ ਅਮੀਰ ਵਿਅਕਤੀਆਂ ਨੂੰ ਇਸਦਾ ਪਾਸਪੋਰਟ ਖਰੀਦਣ ਦੀ ਆਗਿਆ ਦਿੰਦਾ ਹੈ। ਨਾਗਰਿਕਤਾ ਖਰੀਦਣ ਦਾ ਮਤਲਬ ਹੈ ਕਿ ਕੋਈ ਵਿਅਕਤੀ ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਵਿੱਤੀ ਯੋਗਦਾਨ ਦੇ ਕੇ ਨਾਗਰਿਕਤਾ ਪ੍ਰਾਪਤ ਕਰਦਾ ਹੈ। ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਨਾਗਰਿਕਤਾ ਦਿੰਦੇ ਹਨ। ਮਾਲਟਾ, ਤੁਰਕੀ, ਮੋਂਟੇਨੇਗਰੋ, ਐਂਟੀਗੁਆ, ਬਾਰਬੁਡਾ, ਡੋਮਿਨਿਕਾ ਅਤੇ ਮਿਸਰ ਵਰਗੇ ਦੇਸ਼ਾਂ ਵਿਚ ਵੀ ਸੀ.ਬੀ.ਆਈ. ਪ੍ਰੋਗਰਾਮ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਵਾਨੂਆਤੂ ਦੀ ਸਿਟੀਜ਼ਨਸ਼ਿਪ ਬਾਇ ਇਨਵੈਸਟਮੈਂਟ ਪ੍ਰੋਗਰਾਮ ਸਭ ਤੋਂ ਤੇਜ਼ ਅਤੇ ਸਰਲ ਨਾਗਰਿਕਤਾ ਪ੍ਰੋਗਰਾਮ ਹੈ। ਇਸਦੇ ਲਈ ਬਹੁਤ ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਅਤੇ ਸਾਰੇ ਦਸਤਾਵੇਜ਼ ਡਿਜੀਟਲ ਰੂਪ ਵਿਚ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਬਿਨੈਕਾਰ ਨੂੰ ਨਾਗਰਿਕਤਾ ਪ੍ਰਾਪਤ ਕਰਨ ਲਈ ਦੇਸ਼ ਵਿਚ ਕਦਮ ਰੱਖਣ ਦੀ ਵੀ ਲੋੜ ਨਹੀਂ ਹੈ। ਵਾਨੂਆਤੂ ਦੀ ਨਾਗਰਿਕਤਾ ਦੀ ਕੀਮਤ 1.18 ਕਰੋੜ ਰੁਪਏ ਤੋਂ 1.35 ਕਰੋੜ ਰੁਪਏ ਤੱਕ ਹੈ ਅਤੇ ਪਰਿਵਾਰ ਦੇ ਚਾਰ ਮੈਂਬਰਾਂ ਲਈ ਨਾਗਰਿਕਤਾ ਵੀ ਖਰੀਦੀ ਜਾ ਸਕਦੀ ਹੈ। ਅਰਜ਼ੀ ਭਰਨ ਤੋਂ ਬਾਅਦ ਪ੍ਰਕਿਰਿਆ ਦਾ ਸਮਾਂ 30 ਤੋਂ 60 ਦਿਨਾਂ ਦੇ ਵਿਚਕਾਰ ਹੈ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ 2025 ਤੱਕ ਵਾਨੂਆਤੂ ਦਾ ਪਾਸਪੋਰਟ 113 ਦੇਸ਼ਾਂ ‘ਚ ਵੀਜ਼ਾ-ਮੁਕਤ ਪ੍ਰਵੇਸ਼ ਦੀ ਇਜਾਜ਼ਤ ਦੇਵੇਗਾ। ਹੈਨਲੇ ਪਾਸਪੋਰਟ ਸੂਚਕਾਂਕ ਦੇ ਅਨੁਸਾਰ ਵਾਨੂਆਤੂ ਦਾ ਪਾਸਪੋਰਟ ਦੁਨੀਆਂ ਵਿਚ (199 ਦੇਸ਼ਾਂ ਵਿਚੋਂ) ਸਾਊਦੀ ਅਰਬ (57), ਚੀਨ (59) ਅਤੇ ਇੰਡੋਨੇਸ਼ੀਆ (64) ਤੋਂ ਉੱਪਰ ਹੈ। ਭਾਰਤ 80ਵੇਂ ਸਥਾਨ ‘ਤੇ ਹੈ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਵਾਨੂਆਤੂ ਇੱਕ ਟੈਕਸ ਹੈਵਨ ਹੈ, ਜਿੱਥੇ ਤੁਹਾਨੂੰ ਕੋਈ ਆਮਦਨ, ਦੌਲਤ ਜਾਂ ਕਾਰਪੋਰੇਟ ਟੈਕਸ ਨਹੀਂ ਦੇਣਾ ਪੈਂਦਾ। ਪਿਛਲੇ ਦੋ ਸਾਲਾਂ ਵਿਚ 30 ਅਮੀਰ ਭਾਰਤੀਆਂ ਨੇ ਇੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਇੱਥੇ ਦੀ ਨਾਗਰਿਕਤਾ ਲੈਣ ਵਾਲਿਆਂ ਵਿਚ ਚੀਨੀ ਸਭ ਤੋਂ ਅੱਗੇ ਹਨ।
ਵਾਨੂਆਤੂ ਗਣਰਾਜ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਇੱਕ ਟਾਪੂ ਦੇਸ਼ ਹੈ। ਇਹ ਟਾਪੂ ਜਵਾਲਾਮੁਖੀ ਮੂਲ ਦਾ ਹੈ ਅਤੇ ਉੱਤਰੀ ਆਸਟ੍ਰੇਲੀਆ ਤੋਂ ਲਗਭਗ 1,750 ਕਿਲੋਮੀਟਰ ਪੂਰਬ ਵਿਚ ਸਥਿਤ ਹੈ। ਇਸ ਤੋਂ ਇਲਾਵਾ ਵਾਨੂਆਤੂ ਨਿਊ ਕੈਲੇਡੋਨੀਆ ਤੋਂ 500 ਕਿਲੋਮੀਟਰ ਉੱਤਰ-ਪੂਰਬ, ਫਿਜੀ ਦੇ ਪੱਛਮ ਅਤੇ ਨਿਊ ਗਿਨੀ ਦੇ ਦੱਖਣ-ਪੂਰਬ ਵਿਚ, ਸੋਲੋਮਨ ਟਾਪੂ ਦੇ ਨੇੜੇ ਸਥਿਤ ਹੈ। ਇਹ ਦੇਸ਼ ਆਪਣੀ ਕੁਦਰਤੀ ਸੁੰਦਰਤਾ, ਜੰਗਲੀ ਜੀਵਨ ਅਤੇ ਸੱਭਿਆਚਾਰਕ ਵਿਰਾਸਤ ਲਈ ਵਿਸ਼ੇਸ਼ ਤੌਰ ‘ਤੇ ਮਸ਼ਹੂਰ ਹੈ।