#EUROPE

ਰੋਮ ਹਵਾਈ ਅੱਡੇ ਨੂੰ 7ਵੀਂ ਵਾਰ ਮਿਲਿਆ ਯੂਰਪ ਦੇ ਸਰਵਉੱਤਮ ਹਵਾਈ ਅੱਡੇ ਦਾ ਖਿਤਾਬ

-ਦੁਨੀਆਂ ਭਰ ‘ਚੋਂ ਹਮਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਿਆ ਸਰਵਉੱਤਮ ਹਵਾਈ ਅੱਡਾ ਹੋਣ ਦਾ ਖਿਤਾਬ
ਰੋਮ/ਇਟਲੀ, 23 ਅਪ੍ਰੈਲ (ਪੰਜਾਬ ਮੇਲ)-ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ ‘ਲਿਓਨਾਰਦੋ ਦਾ ਵਿਨਚੀ’ ਪਿਛਲੇ ਛੇ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆਂ ਭਰ ਵਿਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈਂ ਅੱਡਾ ਹੋਣ ਦਾ ਮਾਣਮੱਤਾ ਖਿਤਾਬ 6ਵੀਂ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ।
ਸਕਾਈਟਰੈਕਸ ਸੰਸਥਾਂ ਵਲੋਂ ਜਾਰੀ ਕੀਤੇ ਗਏ ਸਾਲ 2024 ਦੇ ਸਰਵੇਖਣ ਵਿਚ ਦੱਸਿਆ ਹੈ ਕਿ ਰੋਮ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਤੇ ਸੁਰੱਖਿਆ ਪ੍ਰਤੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਲਗਾਤਾਰ ਛੇਵੀਂ ਵਾਰ ਫਿਊਮੀਚੀਨੋ ਹਵਾਈ ਅੱਡੇ ਨੂੰ ਇਸ ਖਿਤਾਬ ਨਾਲ ਨਿਵਾਜਿਆ ਹੈ। ਦੂਜੇ ਪਾਸੇ ਹਵਾਈ ਅੱਡੇ ਦੇ ਸੀ.ਈ.ਓ. ਮਾਰਕੋ ਤਰੋਨਕੋਨੇ ਨੇ ਹਰ ਵਾਰ ਦੀ ਤਰ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਚੇਚੇ ਤੌਰ ‘ਤੇ ਮਾਣ ਹੈ ਕਿ ਸਾਲ 2024 ਵਿਚ ਵੀ ਰੋਮ ਹਵਾਈ ਅੱਡੇ ਨੂੰ ਸਰਵਉੱਤਮ ਹਵਾਈ ਸੇਵਾਵਾਂ ਤੇ ਸੁਰੱਖਿਆ ਪ੍ਰਬੰਧਕਾਂ ਕਰਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਦੱਸਣਯੋਗ ਹੈ ਕਿ ਫਿਊਮੀਚੀਨੋ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸੰਬੰਧੀ ਵਧੀਆ ਸਹੂਲਤਾਂ ਦੇਣ ਵਾਲਾ ਖਿਤਾਬ ਵੀ ਮਿਲ ਚੁੱਕਾ ਹੈ ਤੇ ਨਾਲ ਹੀ ਸਕਾਈਟਰੈਕਸ ਵਲੋਂ ਇਸ ਹਵਾਈ ਅੱਡੇ ਨੂੰ ਪੰਜ ਸਿਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖਿਤਾਬ ਹਾਸਲ ਹੋਇਆ ਸੀ। ਰੋਮ ਹਵਾਈ ਅੱਡੇ ਨੂੰ 7ਵੀਂ ਵਾਰ ਯੂਰਪ ਦਾ ਸਰਵਉੱਤਮ ਹਵਾਈ ਅੱਡੇ ਦਾ ਖਿਤਾਬ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਅਰਬ ਦੇਸ਼ ਦੋਹਾ ਕਤਰ ਦੇ ”ਹਮਾਦ ਅੰਤਰਰਾਸ਼ਟਰੀ ਹਵਾਈ” ਅੱਡੇ ਨੂੰ ਵਿਸ਼ਵ ਦਾ ਸਰਵਉੱਤਮ ਹਵਾਈ ਅੱਡਾ ਹੋਣ ਦਾ ਮਾਨਮੱਤਾ ਖਿਤਾਬ ਹਾਸਿਲ ਹੋਇਆ ਹੈ, ਜੋ ਕਿ ਦੁਨੀਆਂ ਭਰ ਦੇ ਹਵਾਈ ਅੱਡਿਆਂ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਰੋਮ ਦੇ ਹਵਾਈ ਅੱਡੇ ਫਿਊਮੀਚੀਨੋ ਨੂੰ ਵਿਸ਼ਵ ਭਰ ਵਿਚ 12ਵਾਂ ਸਥਾਨ ਹਾਸਲ ਹੋਇਆ ਹੈ। ਇਸ ਰੈਕਿੰਗ ਤਹਿਤ ਸਰਵਉੱਚ ਏਅਰਪੋਰਟ ਵਿਚ 1. ਦੋਹਾ ਹਮਾਦ, 2. ਸਿੰਘਾਪੁਰ ਚਾਗੀ, 3. ਸਿਓਲ ਇਨਚੇਓਨ, 4. ਟੋਕਿਓ ਹਾਨੇਡਾ, 5. ਟੋਕਿਓ ਨਾਰੀਟਾ, 6. ਪੈਰਿਸ ਸੀ.ਡੀ.ਜੀ., 7. ਡੁਬਈ, 8. ਮਿਊਨਿਚ, 9. ਜ਼ਿਊਰਿਕ, 10. ਇਸਤਾਂਨਬੁਲ, 11. ਹਾਂਗਕਾਂਗ, 12. ਫਿਊਮੀਚੀਨੋ, 13. ਵਿਆਨਾ, 14. ਹੇਲਸਿੰਕੀ ਵਨਟਾਅ, 15. ਮੈਡਰਿਡ ਬਾਰਾਜਸ, 16. ਸੈਨਟੇਅਰ ਨਾਗੋਆ, 17. ਵੈਨਕੂਵਰ, 18. ਕੇਨਜਾਈ, 19 ਮੈਲਬੌਰਨ, 20. ਕੋਪਨਹੈਗਨ ਦਾ ਉਚੇਚਾ ਜ਼ਿਕਰ ਆ ਰਿਹਾ ਹੈ।