#EUROPE

ਰੂਸ ਵੱਲੋਂ ਯੂਕਰੇਨ ‘ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਡਰੋਨ ਹਮਲਾ: ਯੂਕਰੇਨੀ ਫੌਜ

ਕੀਵ, 25 ਨਵੰਬਰ (ਪੰਜਾਬ ਮੇਲ)- ਰੂਸ ਨੇ 2022 ‘ਚ ਵਿਆਪਕ ਪੱਧਰ ‘ਤੇ ਹਮਲੇ ਸ਼ੁਰੂ ਕਰਨ ਦੇ ਬਾਅਦ ਤੋਂ ਸ਼ਨੀਵਾਰ ਨੂੰ ਯੂਕਰੇਨ ‘ਤੇ ਸਭ ਤੋਂ ਘਾਤਕ ਡਰੋਨ ਹਮਲਾ ਕੀਤਾ ਹੈ, ਜਿਸ ਵਿਚ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਇਆ ਗਿਆ। ਫੌਜੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨੀ ਹਵਾਈ ਸੈਨਾ ਦੇ ਕਮਾਂਡਰ ਮਾਈਕੋਲਾ ਓਲੇਸ਼ਚੁਕ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਲਿਖਿਆ, ”ਇਸ ਹਮਲੇ ਵਿਚ ਕੀਵ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ।”
ਯੂਕਰੇਨ ਦੇ ਆਰਮਡ ਫੋਰਸਿਜ਼ ਨੇ ਕਿਹਾ ਕਿ ਰੂਸ ਨੇ ਲਗਭਗ 75 ਈਰਾਨੀ-ਨਿਰਮਿਤ ਡਰੋਨਾਂ ਨਾਲ ਯੂਕਰੇਨ ‘ਤੇ ਹਮਲਾ ਕੀਤਾ, ਜਿਨ੍ਹਾਂ ਵਿਚੋਂ 71 ਨੂੰ ਮਾਰ ਦਿੱਤਾ ਗਿਆ। ਕੀਵ ਸ਼ਹਿਰ ਦੇ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ, ”ਇਹ ਹਮਲਾ ਕੀਵ ‘ਤੇ ਡਰੋਨਾਂ ਦੁਆਰਾ ਕੀਤਾ ਗਿਆ ਸਭ ਤੋਂ ਘਾਤਕ ਹਵਾਈ ਹਮਲਾ ਸੀ।” ਪੋਪਕੋ ਨੇ ਕਿਹਾ ਕਿ ਕੀਵ ‘ਤੇ ਹਮਲਾ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵਜੇ ਸ਼ੁਰੂ ਹੋਇਆ, ਜੋ ਛੇ ਘੰਟੇ ਤੋਂ ਵੱਧ ਸਮਾਂ ਤੱਕ ਜਾਰੀ ਰਿਹਾ।
ਉਨ੍ਹਾਂ ਦੱਸਿਆ ਕਿ ਹਮਲੇ ਕਾਰਨ 77 ਰਿਹਾਇਸ਼ੀ ਇਮਾਰਤਾਂ ਅਤੇ 120 ਅਦਾਰਿਆਂ ਵਿਚ ਬਿਜਲੀ ਗੁੱਲ ਹੋ ਗਈ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਕਿਹਾ ਕਿ ਸ਼ਹਿਰ ‘ਚ ਕਈ ਘੰਟਿਆਂ ਤੱਕ ਚੱਲੇ ਡਰੋਨ ਹਮਲਿਆਂ ‘ਚ ਘੱਟੋ-ਘੱਟ ਪੰਜ ਨਾਗਰਿਕ ਜ਼ਖਮੀ ਹੋ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਇੱਕ 11 ਸਾਲਾ ਲੜਕਾ ਵੀ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਟੈਲੀਗ੍ਰਾਮ ‘ਤੇ ਲਿਖਿਆ, ”ਸਾਡੇ ਸੈਨਿਕਾਂ ਨੇ ਜ਼ਿਆਦਾਤਰ ਡਰੋਨਾਂ ਨੂੰ ਡੇਗ ਦਿੱਤਾ। ਅਸੀਂ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਅਤੇ ਡਰੋਨਾਂ ਨੂੰ ਡੇਗਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।” ਕਿਯੇਵ ਤੋਂ ਇਲਾਵਾ ਸੁਮੀ, ਨਿਪ੍ਰੋਪੇਤ੍ਰੋਵਸਕ, ਜ਼ਪੋਰਿਜ਼ੀਆ, ਮਾਈਕੋਲਾਈਵ ਅਤੇ ਕਿਰੋਵੋਹਰਾਦ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।