#EUROPE

ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦਾ ਐਲਾਨ

ਮਾਸਕੋ, 7 ਮਈ (ਪੰਜਾਬ ਮੇਲ)- ਰੂਸ ਨੇ ਪ੍ਰਮਾਣੂ ਹਥਿਆਰਾਂ ਨਾਲ ਮਿਲਟਰੀ ਅਭਿਆਸ ਦੀ ਯੋਜਨਾ ਬਣਾਈ ਹੈ। ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਰੂਸ ਦਾ ਇਹ ਕਦਮ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨਾਲ ਜੰਗ ਨੂੰ ਲੈ ਕੇ ਮਾਸਕੋ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਅਭਿਆਸ ”ਰੂਸ ਬਾਰੇ ਕੁਝ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦੁਆਰਾ ਭੜਕਾਊ ਬਿਆਨਾਂ ਅਤੇ ਧਮਕੀਆਂ” ਦੇ ਜਵਾਬ ਵਿਚ ਹੈ।
ਇਹ ਪਹਿਲੀ ਵਾਰ ਹੈ, ਜਦੋਂ ਰੂਸ ਨੇ ਜਨਤਕ ਤੌਰ ‘ਤੇ ਪ੍ਰਮਾਣੂ ਹਥਿਆਰਾਂ ਨਾਲ ਜੁੜੇ ਅਭਿਆਸਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸਦਾ ਰਣਨੀਤਕ ਪਰਮਾਣੂ ਬਲ ਨਿਯਮਿਤ ਤੌਰ ‘ਤੇ ਅਭਿਆਸ ਕਰਦਾ ਰਹਿੰਦਾ ਹੈ। ਇਹ ਘੋਸ਼ਣਾ ਯੂਕ੍ਰੇਨ ਦੇ ਪੱਛਮੀ ਸਹਿਯੋਗੀਆਂ ਲਈ ਚਿਤਾਵਨੀ ਪ੍ਰਤੀਤ ਹੁੰਦੀ ਹੈ, ਜੋ ਦੋ ਸਾਲਾਂ ਤੋਂ ਵੱਧ ਲੰਬੇ ਰੂਸ-ਯੂਕ੍ਰੇਨ ਯੁੱਧ ‘ਤੇ ਗੰਭੀਰ ਚਿੰਤਾਵਾਂ ਜ਼ਾਹਰ ਕਰਦੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪਿਛਲੇ ਹਫਤੇ ਦੁਹਰਾਇਆ ਸੀ ਕਿ ਉਹ ਯੂਕ੍ਰੇਨ ਵਿਚ ਫੌਜ ਭੇਜਣ ਤੋਂ ਇਨਕਾਰ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਕੀਵ ਦੀਆਂ ਫੌਜਾਂ ਰੂਸ ਦੇ ਅੰਦਰ ਟੀਚਿਆਂ ‘ਤੇ ਹਮਲਾ ਕਰਨ ਲਈ ਬ੍ਰਿਟੇਨ ਦੇ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੀਆਂ।