ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਰੂਸ ਨੂੰ ਯੂਕਰੇਨ ਖ਼ਿਲਾਫ਼ ਹਥਿਆਰ ਸਪਲਾਈ ਕਰਨ ਵਾਲੇ ਸੈਂਕੜੇ ਲੋਕਾਂ ਅਤੇ ਕੰਪਨੀਆਂ ‘ਤੇ ਬਾਇਡਨ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਇਨ੍ਹਾਂ ‘ਚ ਰੂਸ, ਚੀਨ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਨਾਲ ਸਬੰਧਤ ਕਾਰੋਬਾਰੀ ਅਤੇ ਕੰਪਨੀਆਂ ਸ਼ਾਮਲ ਹਨ। ਅਮਰੀਕਾ ਨੇ ਨਵੀਆਂ ਪਾਬੰਦੀਆਂ ਉਸ ਸਮੇਂ ਲਾਈਆਂ ਹਨ, ਜਦੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਵਾਸ਼ਿੰਗਟਨ ਦੇ ਦੌਰੇ ‘ਤੇ ਹਨ, ਤਾਂ ਜੋ ਉਹ ਰੂਸ ਖ਼ਿਲਾਫ਼ ਜੰਗ ‘ਚ ਹੋਰ ਵਿੱਤੀ ਸਹਾਇਤਾ ਲੈ ਸਕਣ। ਰੂਸ ‘ਤੇ ਦੁਨੀਆਂ ‘ਚ ਸਭ ਤੋਂ ਵਧ ਵਿੱਤੀ ਪਾਬੰਦੀਆਂ ਲੱਗੀਆਂ ਹਨ ਪਰ ਫਿਰ ਵੀ ਉਸ ਦੇ ਅਰਥਚਾਰੇ ਨੂੰ ਕੋਈ ਵੱਡਾ ਨੁਕਸਾਨ ਨਜ਼ਰ ਨਹੀਂ ਆਇਆ ਹੈ। ਅਮਰੀਕਾ ਨੇ ਚੀਨੀ ਨਾਗਰਿਕ ਹੂ ਸ਼ਿਆਓਸ਼ੁਨ ਦੀ ਅਗਵਾਈ ਹੇਠਲੇ ਹਥਿਆਰ ਖ਼ਰੀਦ ਨੈੱਟਵਰਕ, ਚੀਨ ਆਧਾਰਿਤ ਪ੍ਰਾਈਵੇਟ ਡਿਫੈਂਸ ਕੰਪਨੀ ਜਾਰਵਿਸ ਐੱਚ.ਕੇ. ਕੰਪਨੀ ਅਤੇ ਹੋਰ ਸਹਾਇਕਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਵਾਸ਼ਿੰਗਟਨ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਚੀਨ ਇਕਪਾਸੜ ਪਾਬੰਦੀਆਂ ਦਾ ਤਿੱਖਾ ਵਿਰੋਧ ਕਰਦਾ ਹੈ। ਉਸ ਨੇ ਕਿਹਾ ਕਿ ਅਮਰੀਕਾ ਅਪਣੀਆਂ ਗਲਤ ਕਾਰਵਾਈਆਂ ਨੂੰ ਫੌਰੀ ਦਰੁਸਤ ਕਰਕੇ ਚੀਨੀ ਕੰਪਨੀਆਂ ਨੂੰ ਨਪੀੜਨਾ ਬੰਦ ਕਰੇ। ‘ਚੀਨੀ ਕੰਪਨੀਆਂ ਦੇ ਹਿੱਤਾਂ ਅਤੇ ਜਾਇਜ਼ ਹੱਕਾਂ ਦੀ ਰਾਖੀ ਲਈ ਚੀਨ ਲੋੜੀਂਦੇ ਕਦਮ ਚੁੱਕੇਗਾ।’ ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਕਿਹਾ ਕਿ ਪੂਤਿਨ ਸਿਰਫ਼ ਘਰੇਲੂ ਉਤਪਾਦਨ ਨਾਲ ਬੁੱਤਾ ਨਹੀਂ ਸਾਰ ਸਕਦੇ ਹਨ।
ਭਾਰਤ ਪੁਰਾਣੇ ਸਬੰਧਾਂ ਨੂੰ ਯਾਦ ਰੱਖੇ : ਰੂਸੀ ਅਧਿਕਾਰੀ
ਰੂਸ ਦੇ ਇਕ ਉੱਚ ਅਧਿਕਾਰੀ ਨੇ ਆਖਿਆ ਕਿ ਭਾਰਤ ਨੂੰ ਪੁਰਾਣੇ ਸੰਬੰਧਾਂ ਅਤੇ ਰੂਸ ਵੱਲੋਂ ਅਤੀਤ ‘ਚ ਕੀਤੀ ਗਈ ਮਦਦ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਇਹ ਟਿੱਪਣੀਆਂ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਲਈ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਭਾਰਤ ਦੌਰੇ ਦੇ ਸਬੰਧ ‘ਚ ਆਈਆਂ ਹਨ। ਵਿੱਤੀ ਰਾਜਧਾਨੀ ਮੁੰਬਈ ਵਿਚ ਰੂਸ ਦੇ ਕੌਂਸਲ ਜਨਰਲ ਅਲੈਕਸੇਈ ਸੁਰੋਵਤਸੇਵ ਨੇ ਕਿਹਾ ਕਿ ਭਾਰਤ ਨੂੰ ਆਪਣੇ ਹਿੱਤ ਅੱਗੇ ਵਧਾਉਣ ਦਾ ਹੱਕ ਹੈ ਪਰ ਜੇਕਰ ਭਾਰਤ ਦੁਵੱਲੇ (ਭਾਰਤ-ਰੂਸ) ਸਬੰਧਾਂ ਦੇ ਕੁਝ ਪਹਿਲੂਆਂ ਨੂੰ ਧਿਆਨ ਵਿਚ ਰੱਖਦਾ ਹੈ, ਤਾਂ ਮਾਸਕੋ ਇਸ ਦੀ ‘ਸ਼ਲਾਘਾ’ ਕਰੇਗਾ। ਇਥੇ ਇਕ ਸਮਾਗਮ ਤੋਂ ਵੱਖਰੇ ਤੌਰ ‘ਤੇ ਸੁਰੋਵਤਸੇਵ ਨੇ ਕਿਹਾ ਕਿ ਭਾਰਤ ਨੂੰ ‘ਬਹੁਤ ਪੁਰਾਣਾ ਦੋਸਤਾਨਾ ਰਿਸ਼ਤਾ’ ਯਾਦ ਰੱਖਣਾ ਚਾਹੀਦਾ ਹੈ, ਜਿਹੜੇ ਕਿ ਦੇਸ਼ ਦੀ ਆਜ਼ਾਦੀ 1947 ਤੋਂ ਵੀ ਪਹਿਲਾਂ ਦਾ ਹੈ।