ਮਾਸਕੋ, 18 ਅਗਸਤ (ਪੰਜਾਬ ਮੇਲ)- ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ ‘ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ। ਟਾਸ ਦੀ ਰਿਪੋਰਟ ਅਨੁਸਾਰ ਐਤਵਾਰ ਸਵੇਰੇ (ਰੂਸੀ ਸਮੇਂ ਮੁਤਾਬਕ) ਜਵਾਲਾਮੁਖੀ ਨੇੜੇ ਲਈ ਗਈ ਇੱਕ ਵੀਡੀਓ ਵਿੱਚ ਸਮੁੰਦਰ ਦੇ ਤਲ ਤੋਂ 8 ਕਿਲੋਮੀਟਰ (5 ਮੀਲ) ਤੱਕ ਉੱਚੇ ਸੁਆਹ ਦੇ ਗੁਬਾਰ ਦਿਖਾਈ ਦਿੱਤੇ। ਇਸ ਤੋਂ ਬਾਅਦ ਜਵਾਲਾਮੁਖੀ ਤੋਂ ਲਾਲ ਗਰਮ ਲਾਵਾ ਵਗਦਾ ਦੇਖਿਆ ਗਿਆ। ਇਹ ਜੁਆਲਾਮੁਖੀ ਰੂਸ ਦੇ ਪੂਰਬੀ ਖੇਤਰ ਕਾਮਚਟਕਾ ਵਿੱਚ ਲਗਭਗ 181,000 ਦੀ ਆਬਾਦੀ ਵਾਲੇ ਤੱਟਵਰਤੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਲਗਭਗ 280 ਮੀਲ ਦੀ ਦੂਰੀ ‘ਤੇ ਹੈ। TASS ਨੇ ਕਿਹਾ ਕਿ ਇਸ ਭੂਚਾਲ ਅਤੇ ਉਸ ਤੋਂ ਬਾਅਦ ਜਵਾਲਾਮੁਖੀ ਫਟਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਉੱਧਰ ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਕਰੀਬ 55 ਮੀਲ ਦੂਰ ਸੀ ਅਤੇ ਇਸ ਦੀ ਡੂੰਘਾਈ ਕਰੀਬ 30 ਮੀਲ ਸੀ। TASS ਦਾ ਕਹਿਣਾ ਹੈ ਕਿ ਇਸ ਭੂਚਾਲ ਕਾਰਨ ਕਿਸੇ ਵੀ ਇਮਾਰਤ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਸਮਾਜਿਕ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ।