#EUROPE

ਰੂਸ ‘ਚ 4 ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਨਦੀ ‘ਚ ਡੁੱਬਣ ਕਾਰਨ ਮੌਤ

-ਮ੍ਰਿਤਕਾਂ ‘ਚ ਭੈਣ-ਭਰਾ ਸ਼ਾਮਲ
ਮਾਸਕੋ, 7 ਜੂਨ (ਪੰਜਾਬ ਮੇਲ)- ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ਵਿਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਅਤੇ ਮਾਸਕੋ ਵਿਚ ਭਾਰਤੀ ਦੂਤਘਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਾਸ਼ਾਂ ਜਲਦੀ ਤੋਂ ਜਲਦੀ ਪਰਿਵਾਰ ਦੇ ਸਪੁਰਦ ਕਰਨ ਲਈ ਕੰਮ ਕਰ ਰਿਹਾ ਹੈ। ਚਾਰ ਵਿਦਿਆਰਥੀਆਂ ਦੀ ਉਮਰ 18-20 ਸਾਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਹਾਰਾਸ਼ਟਰ ਦੇ ਹਰਸ਼ਲ ਅਨੰਤਰਾਓ ਦੇਸਲੇ, ਜ਼ੀਸ਼ਾਨ ਅਸ਼ਪਾਕ ਪਿੰਜਰੀ, ਜ਼ਿਆ ਫਿਰੋਜ਼ ਪਿੰਜਰੀ ਅਤੇ ਮਲਿਕ ਗੁਲਾਮਗੌਸ ਮੁਹੰਮਦ ਯਾਕੂਬ ਵਜੋਂ ਹੋਈ ਹੈ। ਨਿਸ਼ਾ ਭੂਪੇਸ਼ ਸੋਨਾਵਣੇ ਨਾਮ ਦੀ ਪੰਜਵੀਂ ਵਿਦਿਆਰਥਣ ਨੂੰ ਬਚਾਅ ਲਿਆ ਗਿਆ। ਜੀਸ਼ਾਨ ਤੇ ਜ਼ਿਆ ਭਰਾ-ਭੈਣ ਸਨ। ਇਹ ਵੇਲੀਕੀ ਨੋਵਗੋਰੋਦ ਸ਼ਹਿਰ ਵਿਚ ਨੇੜਲੇ ਨੋਵਗੋਰੋਦ ਸਟੇਟ ਯੂਨੀਵਰਸਿਟੀ ਵਿਚ ਪੜ੍ਹ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵੋਲਖੋਵ ਨਦੀ ‘ਤੇ ਬੀਚ ਤੋਂ ਬਾਹਰ ਨਿਕਲਣ ਵੇਲੇ ਭਾਰਤੀ ਵਿਦਿਆਰਥਣ ਫਸ ਗਈ ਅਤੇ ਉਸ ਦੇ ਚਾਰ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਤਿੰਨ ਹੋਰ ਨਦੀ ਵਿਚ ਡੁੱਬ ਗਏ। ਇਕ ਲੜਕੇ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ।