#EUROPE #POLITICS #world

ਰੂਸ ‘ਚ 17 ਮਾਰਚ ਨੂੰ ਰਾਸ਼ਟਰਪਤੀ ਚੋਣਾਂ

Putin ਦਾ ਅਹੁਦੇ ‘ਤੇ ਬਣੇ ਰਹਿਣਾ ਲਗਭਗ ਤੈਅ
ਮਾਸਕੋ, 7 ਦਸੰਬਰ (ਪੰਜਾਬ ਮੇਲ)- ਰੂਸ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਚੋਣ ਲਈ 17 ਮਾਰਚ, 2024 ਦੀ ਮਿਤੀ ਨਿਰਧਾਰਿਤ ਕੀਤੀ, ਜਿਸ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਪੰਜਵੀਂ ਵਾਰ ਚੋਣ ਲੜਨ ਦਾ ਰਾਹ ਪੱਧਰਾ ਹੋ ਗਿਆ। 71 ਸਾਲਾ ਪੁਤਿਨ ਨੇ ਅਜੇ ਤੱਕ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਨਹੀਂ ਕੀਤਾ ਹੈ ਪਰ ਚੋਣਾਂ ਦੀ ਤਰੀਕ ਨੂੰ ਅੰਤਿਮ ਰੂਪ ਦਿੱਤੇ ਜਾਣ ‘ਤੇ ਆਉਣ ਵਾਲੇ ਦਿਨਾਂ ‘ਚ ਅਜਿਹਾ ਕਰਨ ਦੀ ਉਮੀਦ ਹੈ। ਪੁਤਿਨ ਵੱਲੋਂ ਕੀਤੇ ਗਏ ਸੰਵਿਧਾਨਿਕ ਸੁਧਾਰਾਂ ਤਹਿਤ ਉਹ ਅਗਲੇ ਸਾਲ ਆਪਣਾ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਦੋ ਵਾਰੀ ਅਤੇ ਛੇ ਸਾਲ ਦੇ ਕਾਰਜਕਾਲ ਲਈ ਚੋਣ ਲੜ ਸਕਦੇ ਹਨ।
ਪੁਤਿਨ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਰੂਸ ਦੀ ਸਿਆਸੀ ਪ੍ਰਣਾਲੀ ‘ਤੇ ਮਜ਼ਬੂਤ ਪਕੜ ਹੈ। ਉਸ ਦੇ ਸੰਭਾਵੀਂ ਆਲੋਚਕ ਜਿਨ੍ਹਾਂ ਨੇ ਉਸ ਨੂੰ ਚੋਣਾਂ ਵਿਚ ਚੁਣੌਤੀ ਦਿੱਤੀ ਸੀ ਜਾਂ ਤਾਂ ਜੇਲ੍ਹ ਵਿਚ ਬੰਦ ਹਨ ਜਾਂ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਜ਼ਿਆਦਾਤਰ ਸੁਤੰਤਰ ਮੀਡੀਆ ‘ਤੇ ਪਾਬੰਦੀ ਹੈ। ਸੁਤੰਤਰ ਰਾਏ ਦੇ ਸਰਵੇਖਣਾਂ ਅਨੁਸਾਰ ਯੂਕ੍ਰੇਨ ਵਿਚ ਫੌਜੀ ਕਾਰਵਾਈ ਅਤੇ ਇਕ ਨਿੱਜੀ ਫੌਜੀ ਕੰਪਨੀ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦੀ ਬਗਾਵਤ ਦਾ ਪੁਤਿਨ ਦੀ ਭਰੋਸੇਯੋਗਤਾ ‘ਤੇ ਕੋਈ ਪ੍ਰਭਾਵ ਨਹੀਂ ਜਾਪਦਾ ਹੈ। ਮਾਰਚ ਵਿਚ ਹੋਣ ਵਾਲੀਆਂ ਚੋਣਾਂ ਨਾਲ ਪੁਤਿਨ ਦੇ ਘੱਟੋ-ਘੱਟ 2030 ਤੱਕ ਸੱਤਾ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ।