#PUNJAB

ਰੁਲਦਾ ਸਿੰਘ ਕਤਲ ਕੇਸ ਮਾਮਲੇ ‘ਚ ਤਾਰਾ ਤੇ ਗੋਲਡੀ ਬਰੀ

* ਦੋਵਾਂ ‘ਤੇ ਸੀ ਸਾਜ਼ਿਸ਼ ਘੜਨ ਦਾ ਦੋਸ਼
ਪਟਿਆਲਾ, 27 ਮਾਰਚ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ‘ਰਾਸ਼ਟਰੀ ਸਿੱਖ ਸੰਗਤ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਦੇ ਕਤਲ ਕੇਸ ਵਿਚ ਬੀਤੇ ਦਿਨੀਂ ਜਗਤਾਰ ਸਿੰਘ ਤਾਰਾ ਅਤੇ ਟਾਈਗਰ ਫੋਰਸ ਦੇ ਆਗੂ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਬੁੜੈਲ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਵਧੀਕ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਤਾਰਾ ਤੇ ਗੋਲਡੀ ‘ਤੇ ਇਸ ਕਤਲ ਸਬੰਧੀ ਸਾਜ਼ਿਸ਼ ਘੜਨ ਦੇ ਦੋਸ਼ ਸਨ। ਦੋਵਾਂ ਵੱਲੋਂ ਪੇਸ਼ ਹੋਏ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਨ੍ਹਾਂ ‘ਤੇ ਮੜ੍ਹੇ ਗਏ ਦੋਸ਼ਾਂ ਨੂੰ ਪੁਲਿਸ 10 ਸਾਲਾਂ ਵਿਚ ਸਾਬਤ ਨਹੀਂ ਕਰ ਸਕੀ। ਜਗਤਾਰ ਸਿੰਘ ਤਾਰਾ ਨੂੰ ਅਦਾਲਤੀ ਵਿਚ ਨਿੱਜੀ ਤੌਰ ‘ਤੇ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਦੇ ਬਾਹਰ ਪੁੱਜੇ ਕਈ ਨੌਜਵਾਨਾਂ ਨੇ ਤਾਰਾ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ।
ਰੁਲਦਾ ਸਿੰਘ ਨੂੰ ਇਥੇ ਅਨਾਜ ਮੰਡੀ ਸਥਿਤ ਉਸ ਦੀ ਰਿਹਾਇਸ਼ ਅੱਗੇ 28 ਜੁਲਾਈ 2009 ‘ਚ ਅਣਪਛਾਤਿਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਉਸ ਦੀ ਦੋ ਹਫ਼ਤਿਆਂ ਮਗਰੋਂ ਪੀ.ਜੀ.ਆਈ. ‘ਚ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਤ੍ਰਿਪੜੀ ‘ਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਕੇਸ ਵਿਚ ਦਰਸ਼ਨ ਸਿੰਘ ਮੁਕਾਰੋਂਪੁਰ, ਜਗਮੋਹਨ ਸਿੰਘ ਬਸੀ, ਗੁਰਜੰਟ ਸਿੰਘ ਖੇੜੀ, ਅਮਰਜੀਤ ਸਿੰਘ ਚੰਡੀਗੜ੍ਹ ਅਤੇ ਦਲਜੀਤ ਸਿੰਘ ਮੁੰਬਈ ਨੂੰ ਕਾਤਲਾਂ ਦੇ ਮਦਦਗਾਰਾਂ ਵਜੋਂ ਗ੍ਰਿਫ਼ਤਾਰ ਕੀਤਾ ਸੀ, ਜੋ 27 ਫਰਵਰੀ 2015 ਨੂੰ ਬਰੀ ਹੋ ਗਏ ਸਨ। ਹੁਣ ਤੱਕ ਇਸ ਕੇਸ ਵਿਚੋਂ ਸੱਤ ਜਣੇ ਬਰੀ ਹੋ ਗਏ ਹਨ। ਤਾਰਾ ਸਾਲ 2004 ‘ਚ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਨਾਲ ਬੁੜੈਲ ਜੇਲ੍ਹ ਵਿਚੋਂ ਸੁਰੰਗ ਰਾਹੀਂ ਫ਼ਰਾਰ ਹੋ ਗਿਆ ਸੀ। ਪੁਲਿਸ ਰਿਕਾਰਡ ਮੁਤਾਬਕ ਇਸ ਮਗਰੋਂ ਉਹ ਪਾਕਿਸਤਾਨ ਚਲਾ ਗਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ‘ਚ ਰਹਿੰਦੇ ਰਹੇ ਰਮਨਦੀਪ ਗੋਲਡੀ ਨੂੰ ਨਵੰਬਰ 2014 ਵਿਚ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਪਟਿਆਲਾ ਲਿਆਂਦਾ ਗਿਆ ਸੀ। ਗੋਲਡੀ ਖਿਲਾਫ਼ ਕਈ ਹੋਰ ਕੇਸ ਵੀ ਦਰਜ ਹਨ।