#AMERICA

ਰਾਸ਼ਟਰਪਤੀ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੇ ਟੈਕਸ ਸਬੰਧੀ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਕੀਤਾ ਸਵਿਕਾਰ

ਸੈਕਰਾਮੈਂਟੋ, 10 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਹੈਰਾਨੀਜਨਕ ਘਟਨਾਕ੍ਰਮ ਵਜੋਂ ਰਾਸ਼ਟਰਪਤੀ ਜੋ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੇ ਆਪਣੇ ਉਪਰ ਸੰਘੀ ਟੈਕਸਾਂ ਦੀ ਅਦਾਇਗੀ ਨਾ ਕਰਨ ਸਬੰਧੀ ਲੱਗੇ ਸਾਰੇ 9 ਦੋਸ਼ਾਂ ਨੂੰ ਮੰਨ ਲਿਆ ਹੈ। ਇਸ ਉਪਰੰਤ ਯੂ ਐਸ ਡਿਸਟ੍ਰਿਕਟ ਜੱਜ ਮਾਰਕ ਸਕਾਰਸੀ ਨੇ ਅਗਲੀ ਸੁਣਵਾਈ 16 ਦਸੰਬਰ ‘ਤੇ ਪਾ ਦਿੱਤੀ ਜਿਸ ਦਿਨ ਹੰਟਰ ਬਾਇਡਨ ਨੂੰ ਸਜ਼ਾ ਸੁਣਾਈ ਜਾਵੇਗੀ। ਹੰਟਰ ਬਾਇਡਨ ਨੇ ਇਸ ਤੋਂ ਪਹਿਲਾਂ ਇਕ ਵਿਸ਼ੇਸ਼ ‘ਐਲਫੋਰਡ ਅਪੀਲ’ ਦਾਇਰ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਜੱਜ ਨੇ ਠੁਕਰਾ ਦਿੱਤਾ ਸੀ। ਇਸ ਅਪੀਲ ਤਹਿਤ ਕਥਿੱਤ ਦੋਸ਼ੀ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਹੀਂ ਮੰਨਦਾ ਪਰ ਉਹ ਸਜ਼ਾ ਲਈ ਤਿਆਰ ਹੋ ਜਾਂਦਾ ਹੈ। ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਡੇਵਿਡ ਵੀਸ ਦੀ ਟੀਮ ਨੇ ਇਸ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਬਾਇਡਨ ਨੂੰ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨਣ ਲਈ ਮਜ਼ਬੂਰ ਕੀਤਾ ਜਾਵੇ। ਆਖਰਕਾਰ ਬਾਇਡਨ ਨੇ 2016 ਤੋਂ 2019 ਦਰਮਿਆਨ 1.4 ਮਿਲੀਅਨ ਡਾਲਰ ਟੈਕਸ ਦੀ ਅਦਾਇਗੀ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ਾਂ ਨੂੰ ਮੰਨ ਲਿਆ ਹੈ। ਬਾਇਡਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈ ਹੋਰ ਲੱਖਾਂ ਅਮਰੀਕੀਆਂ ਦੀ ਤਰਾਂ ਸਮੇ ਸਿਰ ਟੈਕਸ ਦੇਣ ਵਿਚ ਅਸਫਲ ਰਿਹਾ ਹਾਂ ਜਿਸ ਲਈ ਮੈ ਜਿੰਮੇਵਾਰ ਹਾਂ। ਟੈਕਸ ਸਬੰਧੀ ਲੱਗੇ ਦੋਸ਼ਾਂ ਤਹਿਤ ਵਧ ਤੋਂ ਵਧ 17 ਸਾਲ ਕੈਦ ਹੋ ਸਕਦੀ ਹੈ । ਇਥੇ ਜਿਕਰਯੋਗ ਹੈ ਕਿ ਬਾਇਡਨ ਨੂੰ 2018 ਵਿਚ ਹੈਂਡਗੰਨ ਖਰੀਦਣ ਸਮੇ ਡਰੱਗ ਖਾਣ ਬਾਰੇ ਝੂਠ ਬੋਲਣ ਦੇ ਲੱਗੇ ਸੰਘੀ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਉਸ ਨੇ ਝੂਠ ਬੋਲਿਆ ਸੀ ਕਿ ਉਹ ਡਰੱਗ ਨਹੀਂ ਖਾਂਦਾ ਜਦ ਕਿ ਸੱਚ ਕੁਝ ਹੋਰ ਹੀ ਨਿਕਲਿਆ ਸੀ।