#AMERICA

ਰਾਸ਼ਟਰਪਤੀ ਬਾਇਡਨ ਦੀ ਲੋਕਪ੍ਰਿਯਤਾ ਦਾ ਗਰਾਫ ਹੇਠਾਂ ਡਿੱਗਾ

ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਮਹੀਨੇ ਫਰਵਰੀ ਵਿਚ ਕਰਵਾਏ ਇਕ ਚੋਣ ਸਰਵੇਖਣ ਵਿਚ ਰਾਸ਼ਟਰਪਤੀ ਜੋਅ ਬਾਇਡਨ ਦੀ ਲੋਕਪ੍ਰਿਯਤਾ ਘੱਟ ਕੇ 38 ਫੀਸਦੀ ਰਹਿ ਗਈ ਹੈ। ਤਾਜ਼ਾ ਗਾਲਅੱਪ ਚੋਣ ਸਰਵੇ ਅਨੁਸਾਰ ਇਹ ਸਰਵੇ 1 ਫਰਵਰੀ ਤੋਂ 20 ਫਰਵਰੀ ਤੱਕ ਕਰਵਾਇਆ ਗਿਆ, ਜਿਸ ਵਿਚ 1016 ਬਾਲਗ ਸ਼ਾਮਲ ਹੋਏ। ਰਾਸ਼ਟਰਪਤੀ ਵਜੋਂ ਜੋਅ ਬਾਇਡਨ ਕਿੰਨੇ ਸਫਲ ਹਨ, ਇਸ ਦੇ ਜਵਾਬ ਵਿਚ 38 ਫੀਸਦੀ ਨੇ ਉਨ੍ਹਾਂ ਦਾ ਸਮਰਥਨ ਕੀਤਾ ਤੇ 59 ਫੀਸਦੀ ਇਸ ਨਾਲ ਸਹਿਮਤ ਨਹੀਂ ਹਨ, ਜਦਕਿ 2 ਫੀਸਦੀ ਨੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਜਨਵਰੀ ਵਿਚ ਉਨ੍ਹਾਂ ਦੀ ਲੋਕਪ੍ਰਿਯਤਾ ਦਰ 41 ਫੀਸਦੀ ਸੀ, ਜੋ ਫਰਵਰੀ ਵਿਚ 3 ਫੀਸਦੀ ਘੱਟ ਗਈ ਹੈ। ਉਂਝ ਪਿਛਲੇ ਸਾਲ ਅਪ੍ਰੈਲ, ਅਕਤੂਬਰ ਤੇ ਨਵੰਬਰ ਵਿਚ ਕਰਵਾਏ ਗਾਲਅੱਪ ਸਰਵੇਖਣਾਂ ਵਿਚ ਉਨ੍ਹਾਂ ਦੀ ਲੋਕਪ੍ਰਿਯਤਾ ਸਭ ਤੋਂ ਘੱਟ 37 ਫੀਸਦੀ ਸੀ।