#EUROPE

ਰਾਸ਼ਟਰਪਤੀ ਪੂਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵਾਲਨੀ ਦੀ Jail ‘ਚ ਮੌਤ

-ਵੱਖਵਾਦ ਦੇ ਦੋਸ਼ ਹੇਠ 19 ਸਾਲ ਜੇਲ੍ਹ ਦੀ ਕੱਟ ਰਿਹਾ ਸੀ ਸਜ਼ਾ
ਮਾਸਕੋ, 17 ਫਰਵਰੀ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਟੜ ਵਿਰੋਧੀ ਨੇਤਾ ਅਲੈਕਸੀ ਨਵਾਲਨੀ, ਜਿਸ ਨੂੰ ਸਰਕਾਰ ਵਿਚ ਭ੍ਰਿਸ਼ਟਾਚਾਰ ਅਤੇ ਕਰੈਮਲਿਨ ਵਿਰੋਧੀ ਮੁਜ਼ਾਹਰਿਆਂ ਲਈ ਜਾਣਿਆ ਜਾਂਦਾ ਸੀ, ਦੀ ਅੱਜ ਜੇਲ੍ਹ ਵਿਚ ਮੌਤ ਹੋ ਗਈ। ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਵਾਲਨੀ 47 ਸਾਲਾਂ ਦਾ ਸੀ ਅਤੇ ਉਹ ਵੱਖਵਾਦ ਅਤੇ ਕੱਟੜ ਵਿਚਾਰਧਾਰਾ ਦੇ ਦੋਸ਼ ਹੇਠ 19 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ। ਸੰਘੀ ਜੇਲ੍ਹ ਸੇਵਾ (ਐੱਫ.ਪੀ.ਐੱਸ.) ਨੇ ਕਿਹਾ ਕਿ ਅਲੈਕਸੀ ਨਵਾਲਨੀ ਨੂੰ ਅੱਜ ਟਹਿਲਣ ਮਗਰੋਂ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਸੁਰਤ ਹੋ ਗਿਆ। ਨਵਾਲਨੀ ਦੀ ਮਦਦ ਲਈ ਐਂਬੂਲੈਂਸ ਬੁਲਾਈ ਗਈ ਪਰ ਉਸ (ਨਵਾਲਨੀ) ਦੀ ਮੌਤ ਹੋ ਗਈ। ਐੱਫ.ਪੀ.ਐੱਸ. ਨੇ ਕਿਹਾ ਕਿ ਮੌਤ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ। ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਨਵਾਲਨੀ ਦੀ ਮੌਤ ਦੀ ਸੂਚਨਾ ਦੇ ਦਿੱਤੀ ਹੈ। ਹਾਲਾਂਕਿ ਅਲੈਕਸੀ ਨਵਾਲਨੀ ਦੀ ਤਰਜਮਾਨ ਕਿਰਾ ਯਾਰਮਿਸ਼ ਨੇ ‘ਐਕਸ’ ਉੱਤੇ ਕਿਹਾ ਕਿ ਉਨ੍ਹਾਂ ਦੀ ਟੀਮ ਕੋਲ ਨਵਾਲਨੀ ਦੀ ਮੌਤ ਦੀ ਸਟੀਕ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਦੇ ਵਕੀਲ ਉਸ ਸ਼ਹਿਰ ਜਾ ਰਹੇ ਹਨ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਨਵਾਲਨੀ ਜਨਵਰੀ 2021 ਤੋਂ ਜੇਲ੍ਹ ਵਿਚ ਸੀ, ਜਦੋਂ ਉਹ ਜ਼ਹਿਰ ਦਿੱਤੇ ਜਾਣ (ਨਰਵ ਏਜੰਟ ਪੁਆਇਜ਼ਨ) ਮਗਰੋਂ ਜਰਮਨੀ ਤੋਂ ਇਲਾਜ ਕਰਵਾ ਕੇ ਮਾਸਕੋ ਪਰਤਿਆ ਸੀ। ਜ਼ਹਿਰ ਦਿੱਤੇ ਜਾਣ ਲਈ ਉਸ ਨੇ ਕਰੈਮਲਿਨ ਨੂੰ ਦੋਸ਼ੀ ਠਹਿਰਾਇਆ ਸੀ।