#INDIA

ਰਾਸ਼ਟਰਪਤੀ ਨੇ ਆਤਿਸ਼ੀ ਨੂੰ CM ਕੀਤਾ ਨਿਯੁਕਤ

ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਅਰਵਿੰਦ ਕੇਜਰੀਵਾਲ ਦਾ ਅਸਤੀਫ਼ਾ ਮਨਜ਼ੂਰ ਕਰਦੇ ਹੋਏ ਰਾਸ਼ਟਰਪਤੀ ਨੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ 5 ਮੰਤਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਾਰਿਆਂ ਨੂੰ ਸਹੁੰ ਚੁੱਕ ਸਮਾਰੋਹ ਨੂੰ ਰਾਜ ਭਵਨ ਬੁਲਾਇਆ ਗਿਆ ਹੈ। ਸੂਤਰਾਂ ਅਨੁਸਾਰ ਆਤਿਸ਼ੀ ਆਪਣੇ ਮੰਤਰੀ ਮੰਡਲ ਨਾਲ ਸਹੁੰ ਚੁੱਕ ਸਕਦੀ ਹੈ। ਦਰਅਸਲ ਕੇਜਰੀਵਾਲ ਵਲੋਂ ਮੰਗਲਵਾਰ ਨੂੰ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਗਠਨ ਦੀਆਂ ਫਾਈਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੀ ਮਨਜ਼ੂਰੀ ਲਈ ਭੇਜੀਆਂ ਸਨ। ਇਸ ‘ਤੇ ਸਹੁੰ ਚੁੱਕ ਸਮਾਰੋਹ ਲਈ 21 ਸਤੰਬਰ ਦੀ ਤਾਰੀਖ਼ ਪ੍ਰਸਤਾਵਿਤ ਕੀਤੀ ਗਈ ਸੀ।

‘ਆਪ’ ਵਿਧਾਇਕਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ ‘ਚ ਬੈਠਕ ਕੀਤੀ ਅਤੇ ਸਰਬ ਸੰਮਤੀ ਨਾਲ ਆਤਿਸ਼ੀ ਨੂੰ ਸੱਤਾਧਾਰੀ ਵਿਧਾਇਕ ਦਲ ਦੀ ਨੇਤਾ ਚੁਣਿਆ। ‘ਆਪ’ ਵਲੋਂ ਐਲਾਨ ਨਵੇਂ ਮੰਤਰੀ ਪ੍ਰੀਸ਼ਦ ‘ਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਅਤੇ ਨਵੇਂ ਮੈਂਬਰ ਮੁਕੇਸ਼ ਅਹਲਾਵਤ ਸ਼ਾਮਲ ਹਨ, ਜੋ ਸੁਲਤਾਨਪੁਰ ਮਾਜਰਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਹਨ। ਰਾਏ, ਗਹਿਲੋਤ, ਭਾਰਦਵਾਜ ਅਤੇ ਹੁਸੈਨ ਮੌਜੂਦਾ ਸਮੇਂ ਕੇਜਰੀਵਾਲ ਸਰਕਾਰ ‘ਚ ਮੰਤਰੀ ਹਨ। ਦੱਸਣਯੋਗ ਹੈ ਕਿ ਕੇਜਰੀਵਾਲ 13 ਸਤੰਬਰ ਨੂੰ ਆਬਕਾਰੀ ਨੀਤੀ ਮਾਮਲੇ ‘ਚ 5 ਮਹੀਨੇ ਤੋਂ ਵੱਧ ਸਮੇਂ ਤੱਕ ਤਿਹਾੜ ਜੇਲ੍ਹ ‘ਚ ਰਹਿਣ ਤੋਂ ਬਾਅਦ ਬਾਹਰ ਆਏ।