ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਸ਼ਲ ਮੀਡੀਆ ਉਪਰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਫਲੋਰਿਡਾ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਵੈਸਟ ਪਾਮ ਬੀਚ ਪੁਲਿਸ ਵਿਭਾਗ ਦੇ ਮੁਖੀ ਟੋਨੀ ਅਰਾਜੋ ਨੇ ਕਿਹਾ ਹੈ ਕਿ 46 ਸਾਲਾ ਸ਼ਾਨਨ ਐਟਕਿਨਸ ਨੂੰ ਟਰੰਪ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਐੱਫ.ਬੀ.ਆਈ. ਨੂੰ ਓਕੀਚੋਬੀ, ਫਲੋਰਿਡਾ ਵਾਸੀ ਇਕ ਵਿਅਕਤੀ ਨੇ ਸੂਹ ਦਿੱਤੀ ਸੀ ਕਿ ਐਟਕਿਨਸ ਸੋਸ਼ਲ ਮੀਡਆ ਉਪਰ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਪੋਸਟਾਂ ਪਾ ਰਿਹਾ ਹੈ। ਪੁਲਿਸ ਮੁਖੀ ਨੇ ਕਿਹਾ ਕਿ ਪਾਮ ਬੀਚ ਡੀਟੈਕਟਿਵ ਵਿਭਾਗ ਨੇ ਜਾਂਚ ਪੜਤਾਲ ਕੀਤੀ, ਤਾਂ ਐਟਕਿਨਸ ਦੁਆਰਾ ਪਾਈਆਂ ਕਈ ਪੋਸਟਾਂ ਮਿਲੀਆਂ, ਜਿਨ੍ਹਾਂ ਵਿਚ ਟਰੰਪ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਗਈ ਸੀ।
ਰਾਸ਼ਟਰਪਤੀ ਟਰੰਪ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਵਾਲਾ ਗ੍ਰਿਫਤਾਰ
