ਚੰਡੀਗੜ੍ਹ, 29 ਸਤੰਬਰ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਦਿਨ ਦੀ ਪੈਰੋਲ ਮੰਗੀ ਹੈ। ਦਰਅਸਲ ਹਰਿਆਣਾ ਵਿਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਵਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸੂਬਾ ਸਰਕਾਰ ਨੇ ਆਦਰਸ਼ ਚੋਣ ਜ਼ਾਬਤਾ ਨੂੰ ਵੇਖਦੇ ਹੋਏ ਪੈਰੋਲ ਦੀ ਬੇਨਤੀ ਨੂੰ ਮੁੱਖ ਚੋਣ ਅਧਿਕਾਰੀ (CEO) ਕੋਲ ਭੇਜ ਦਿੱਤਾ ਹੈ। ਦੱਸ ਦੇਈਏ ਡੇਰਾ ਮੁਖੀ ਇਸ ਸਮੇਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਸਿਰਸਾ ਦੇ ਆਸ਼ਰਮ ਵਿਚ ਉਹ ਆਪਣੀਆਂ ਦੋ ਪੈਰੋਕਾਰਾਂ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਅਤੇ ਇਕ ਪੱਤਰਕਾਰ ਦੇ ਕਤਲ ਦੇ ਜ਼ੁਰਮ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੱਸਣਯੋਗ ਹੈ ਕਿ 13 ਅਗਸਤ ਨੂੰ ਬਾਗਪਤ ਸਥਿਤ ਡੇਰੇ ਵਿਚ ਰਹਿਣ ਲਈ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਦਿੱਤੀ ਗਈ ਸੀ।