#INDIA

ਰਾਜ ਸਭਾ ‘ਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਦਲ-ਬਦਲੀ ਰੋਕੂ ਕਾਨੂੰਨ ‘ਚ ਸੋਧ ‘ਤੇ ਜ਼ੋਰ

-ਵਿਰੋਧੀ ਧਿਰ ਨੇ ਵਾਅਦੇ ਪੂਰੇ ਨਾ ਕਰਨ ਨੂੰ ਵੋਟਰਾਂ ਨਾਲ ਧੋਖਾ ਦੱਸਿਆ
ਨਵੀਂ ਦਿੱਲੀ, 17 ਦਸੰਬਰ (ਪੰਜਾਬ ਮੇਲ)-ਰਾਜ ਸਭਾ ‘ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਦਲ-ਬਦਲੀ ਰੋਕੂ ਕਾਨੂੰਨ ‘ਚ ਸੋਧ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਫਤਵੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਚੋਣ ਸੁਧਾਰਾਂ ਬਾਰੇ ਚਰਚਾ ‘ਚ ਹਿੱਸਾ ਲੈਂਦਿਆਂ ਬੀ.ਆਰ.ਐੱਸ. ਦੇ ਕੇ.ਆਰ. ਸੁਰੇਸ਼ ਰੈੱਡੀ ਅਤੇ ਸੀ.ਪੀ.ਆਈ. (ਐੱਮ) ਦੇ ਜੌਹਨ ਬ੍ਰਿਟਾਸ ਨੇ ਕਿਹਾ ਕਿ ਚੋਣ ਮੈਨੀਫੈਸਟੋ ‘ਚ ਕੀਤੇ ਗਏ ਵਾਅਦੇ ਪੂਰੇ ਨਾ ਕਰਨਾ ‘ਵੋਟਰਾਂ ਨਾਲ ਧੋਖਾ’ ਹੈ ਅਤੇ ਦਲ-ਬਦਲੀ ਨਾਲ ‘ਚੋਣਾਂ ਦੀ ਨਿਰਪੱਖਤਾ’ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਇਸੇ ਦੌਰਾਨ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ‘ਚ ਕਿਹਾ ਕਿ ਪੱਛਮੀ ਬੰਗਾਲ ਦੇ ਅਸ਼ੋਕ ਨਗਰ ਤੇਲ ਖੇਤਰ ਪ੍ਰਾਜੈਕਟ ‘ਚ ਉਤਪਾਦਨ ਜਲਦੀ ਸ਼ੁਰੂ ਹੋ ਜਾਵੇਗਾ ਕਿਉਂਕਿ ਓ.ਐੱਨ.ਜੀ.ਸੀ. ਤੇ ਸੂਬਾ ਸਰਕਾਰ ਦੋਵੇਂ ਪੱਟੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਰਾਜ ਸਭਾ ‘ਚ ਕਿਹਾ ਕਿ ਸਰਕਾਰ ਹਵਾਈ ਕਿਰਾਏ ‘ਚ ਹੋ ਰਹੇ ਵਾਧੇ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਜਿਹੇ ਮਨਮਰਜ਼ੀ ਵਾਲੇ ਕਿਰਾਏ ਨੂੰ ਰੋਕਣਾ ਚਾਹੁੰਦੀ ਹੈ।
ਉੱਧਰ ਲੋਕ ਸਭਾ ‘ਚ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਕੈਲੰਡਰ ਸਾਲ 2025 ਦੀ ਦੂਜੀ ਤਿਮਾਹੀ ‘ਚ ਭਾਰਤ ‘ਚ ਵਿਦੇਸ਼ੀ ਸੈਲਾਨੀਆਂ ਦੀ ਆਮਦ (ਐੱਫ.ਟੀ.ਏ.) ਜਨਵਰੀ-ਮਾਰਚ ਦੀ ਮਿਆਦ ਦੇ 26.15 ਲੱਖ ਤੋਂ ਘੱਟ ਕੇ 16.48 ਲੱਖ ਰਹਿ ਗਈ ਹੈ। ਉਨ੍ਹਾਂ ਇਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਇਸ ਸਾਲ ਪਹਿਲੀਆਂ ਤਿੰਨ ਤਿਮਾਹੀਆਂ ਲਈ ਸਾਂਝਾ ਐੱਫ.ਟੀ.ਏ. 61.83 ਲੱਖ ਰਿਹਾ ਹੈ।