#INDIA

ਰਾਜਸਥਾਨ ਦੇ ਨਾਗੌਰ ‘ਚ ਰੱਥ ‘ਚ ਯਾਤਰਾ ਦੌਰਾਨ ਕਰੰਟ ਲੱਗਣ ਤੋਂ ਵਾਲ-ਵਾਲ ਬਚੇ ਅਮਿਤ ਸ਼ਾਹ

ਜੈਪੁਰ, 8 ਨਵੰਬਰ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਰਾਜਸਥਾਨ ਦੇ ਨਾਗੌਰ ਵਿਚ ਇਕ ਰੱਥ ਵਿਚ ਯਾਤਰਾ ਕਰ ਰਹੇ ਸਨ, ਤਾਂ ਉਸ ਦਾ ਉੱਪਰਲਾ ਹਿੱਸਾ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਸ਼ਾਹ ਇਸ ਘਟਨਾ ‘ਚੋਂ ਵਾਲ-ਵਾਲ ਬਚ ਗਏ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਾਹ ਦਾ ਕਾਫਲਾ ਬਿਦਿਆਦ ਪਿੰਡ ਤੋਂ ਪਰਬਤਸਰ ਵੱਲ ਜਾ ਰਿਹਾ ਸੀ। ਇਹ ਕਾਫ਼ਲਾ ਇਕ ਗਲੀ ਵਿੱਚੋਂ ਲੰਘ ਰਿਹਾ ਸੀ, ਜਿਸ ਦੇ ਦੋਵੇਂ ਪਾਸੇ ਦੁਕਾਨਾਂ ਅਤੇ ਘਰ ਸਨ, ਤਾਂ ਰੱਥ ਦਾ ਉਪਰਲਾ ਹਿੱਸਾ ਤਾਰਾਂ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਚੰਗਿਆੜੀਆਂ ਨਿਕਲੀਆਂ। ਰੱਥ ਦੇ ਲੰਘਣ ਤੋਂ ਬਾਅਦ ਤਾਰ ਟੁੱਟ ਕੇ ਸੜਕ ‘ਤੇ ਡਿੱਗ ਗਈ, ਜਿਸ ਕਾਰਨ ਰੱਥ ਦੇ ਪਿੱਛੇ ਆ ਰਹੇ ਹੋਰ ਵਾਹਨ ਤੁਰੰਤ ਰੁਕ ਗਏ ਅਤੇ ਬਿਜਲੀ ਕੱਟ ਦਿੱਤੀ ਗਈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਘਟਨਾ ਤੋਂ ਬਾਅਦ ਸ਼ਾਹ ਨੂੰ ਇਕ ਹੋਰ ਗੱਡੀ ਵਿਚ ਪਰਬਤਸਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਸ਼ਾਹ ਨੇ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਸਮਰਥਨ ਵਿਚ ਨਾਗੌਰ ਦੇ ਕੁਚਮਨ, ਮਕਰਾਨਾ ਅਤੇ ਪਰਬਤਸਰ ਵਿਚ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੈਪੁਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ।