ਲੁਧਿਆਣਾ, 5 ਅਪ੍ਰੈਲ (ਪੰਜਾਬ ਮੇਲ)- ਸੱਭਿਆਚਾਰਕ ਸੱਥ ਪੰਜਾਬ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਬੋਲਦਿਆਂ ਕੈਨੇਡਾ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਢਾਡੀ ਅਤੇ ਪ੍ਰਚਾਰਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਫਿਰ ਮੁੜਕੇ ਆਵੇਗਾ ਅਤੇ ਲੋਕ ਢਾਡੀ, ਕਵੀਸ਼ਰੀ, ਕਲੀਆਂ ਅਤੇ ਲੋਕ ਗਾਥਾਵਾਂ ਸੁਣਿਆ ਕਰਨਗੇ। ਇਸ ਮੌਕੇ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਅਤੇ ਸਕੱਤਰ ਜਨਰਲ ਨਿਰਮਲ ਜੌੜਾ ਵੱਲੋਂ ਸਿੱਧਵਾਂ ਦਾ ਸਨਮਾਨ ਕੀਤਾ ਗਿਆ, ਜਿਸ ਉਪਰੰਤ ਸਿੱਧਵਾਂ ਨੇ ਪ੍ਰੰਪਰਿਕ ਗਾਇਕੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਿੱਧਵਾਂ ਨੇ ਕਿਹਾ, ਕੋਈ ਵੇਲਾ ਸੀ, ਜਦੋਂ ਲੋਕ ਸੱਥਾਂ, ਧਰਮਸ਼ਾਲਾਵਾਂ, ਵਿਆਹਾਂ ਸ਼ਾਦੀਆਂ ਅਤੇ ਹੋਰ ਸਾਂਝੇ ਸਮਾਗਮਾਂ ਵਿਚ ਗੱਵਈਆਂ ਨੂੰ ਸਾਹਮਣੇ ਬੈਠਕੇ ਆਰਾਮ ਨਾਲ ਸੁਣਦੇ ਹੁੰਦੇ ਸੀ ਅਤੇ ਕਈ-ਕਈ ਘੰਟੇ ਗਾਥਾਵਾਂ ਦੇ ਰੂਪ ਵਿਚ ਲੋਕ ਗਾਇਕੀ ਦਾ ਪ੍ਰਵਾਹ ਵਹਿੰਦਾ ਸੀ। ਉਨ੍ਹਾਂ ਕਿਹਾ, ਬੇਸ਼ੱਕ ਸਮੇਂ ਦੀ ਤੇਜ਼ ਰਫਤਾਰ ਅਤੇ ਵਿਸ਼ਵ ਮੰਡੀਕਰਨ ਕਰਕੇ ਗਾਇਕੀ ਦਾ ਰੰਗਰੂਪ ਬਦਲ ਗਿਆ ਹੈ, ਜਿਸ ਵਿਚ ਬਹੁਤ ਕੁਝ ਚੰਗਾ ਵੀ ਹੈ ਪਰ ਸਹਿਜਤਾ ਗੁਆਚ ਗਈ ਹੈ। ਸਿੱਧਵਾਂ ਨੇ ਵਿਸ਼ਵਾਸ ਅਤੇ ਪੂਰੀ ਆਸ ਨਾਲ ਕਿਹਾ ਕਿ ਉਹ ਸਮਾਂ ਮੁੜਕੇ ਆਵੇਗਾ, ਅਸੀਂ ਸਹਿਜ ਵਾਲੀ ਪ੍ਰੰਪਰਿਕ ਗਾਇਕੀ ਦਾ ਅਨੰਦ ਮਾਨਣ ਲੱਗਾਂਗੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਸੱਥ ਪੰਜਾਬ ਨੂੰ ਇਸ ਗੱਲ ਦਾ ਸੇਹਰਾ ਜਾਂਦਾ ਹੈ, ਇਸਨੇ ਆਪਣੇ ਪ੍ਰੋਗਰਾਮਾਂ ਰਾਹੀਂ ਪੰਜਾਬੀ ਮੁਟਿਆਰਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਕੀਤੇ ਹਨ।
ਸਵਾਗਤ ਕਰਦਿਆਂ ਜਸਮੇਰ ਸਿੰਘ ਢੱਟ ਨੇ ਕਿਹਾ, ਪੰਜਾਬੀ ਸੱਭਿਆਚਾਰ ਦੀ ਪ੍ਰਫੁਲਤਾ ਲਈ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਮਾਣ-ਸਨਮਾਨ ਕਰਨਾ ਸਾਡਾ ਫਰਜ਼ ਹੈ। ਨਿਰਮਲ ਜੌੜਾ ਨੇ ਦੱਸਿਆ ਕਿ ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਸੱਤ ਸਮੁੰਦਰ ਪਾਰ ਜਾਕੇ ਵੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਗਾਇਕੀ ਨੂੰ ਅਪਣਾਕੇ ਰੱਖਿਆ ਹੈ, ਬਲਕਿ ਇੱਕ ਮੀਡੀਆ ਕਰਮੀ ਵਜੋਂ ਇਸਦਾ ਪ੍ਰਚਾਰ ਪਸਾਰ ਵੀ ਕੀਤਾ ਹੈ। ਵਰਨਣਯੋਗ ਹੈ ਕਿ ਸਤਿੰਦਰ ਪਾਲ ਸਿੰਘ ਸਿੱਧਵਾਂ ਦਾ ਕੈਨੇਡਾ ਵਿਚ ਜਨਮਿਆਂ ਅਤੇ ਪਲਿਆ ਬੇਟਾ ਨਵੀ ਸਿੱਧੂ ਵੀ ਪੰਜਾਬੀ ਦੇ ਪ੍ਰਚਾਰ ਲਈ ਯਤਨਸ਼ੀਲ ਹੈ।
ਇਸ ਮੌਕੇ ਸਿੱਧਵਾਂ ਨੇ ਆਪਣੇ ਚੋਣਵੇਂ, ਪ੍ਰਸੰਗ ਜੱਗ ਜੰਕਸ਼ਨ ਰੇਲਾਂ ਦਾ, ਇਹ ਕੀਹਨੇ ਕੈਦ ਕਰੀ ਭੇਣੋਂ ਦੋ ਹੰਸਾਂ ਦੀ ਜੋੜੀ, ਕੁੰਢਲੀਆ ਸੱਪ, ਵੀਰ ਖਾਲਸਾ ਅਜੇ ਨਹੀਂ ਮਰਿਆ ਅਤੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਪੇਸ਼ ਕਰਕੇ ਮਾਹੌਲ ਨੂੰ ਪੰਜਾਬੀ ਰੰਗਤ ਦਿੱਤੀ।
ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਮੁੜਕੇ ਜ਼ਰੂਰ ਆਵੇਗਾ : ਸਿੱਧਵਾਂ
