#PUNJAB

ਰਮਨਦੀਪ ਸਿੰਘ ਮੰਗੂਮੱਠ ਨਿਹੰਗ ਸਿੰਘ ਪਹਿਲਾਂ ਵੀ ਕਈ ਹੰਗਾਮਿਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦਾ ਰਿਹਾ 

ਨਿਹੰਗ ਰਮਨਦੀਪ ਸਿੰਘ ਦਾ ਕਰਾਈਮ ਨਾਲ ਗੂੜਾ ਨਾਤਾ ਰਿਹਾ ਹੈ। 2016 ’ਚ ਉਸ ’ਤੇ ਅਸਲਾ ਐਕਟ ਤਹਿਤ ਵੱਖ-ਵੱਖ ਜ਼ਿਲ੍ਹਿਆਂ ’ਚ ਤਿੰਨ ਪਰਚੇ ਦਰਜ ਹੋਏ ਸਨ। ਇਸ ਤੋਂ ਬਾਅਦ ਅੰਮ੍ਰਿਤਸਰ ’ਚ ਜਾਨਲੇਵਾ ਹਮਲਾ ਕਰ ਕੇ ਹੱਥ ਕੱਟਣ ਦਾ ਪਰਚਾ, ਲੁਧਿਆਣਾ ’ਚ ਜਗਤਪੁਰੀ ਚੌਕੀ ’ਚ ਬਾਈਕ ਚੋਰੀ ਦੇ ਪਰਚੇ ਸਣੇ 9 ਪਰਚੇ ਦਰਜ ਹਨ।

ਨਿਹੰਗ ਰਮਨਦੀਪ ਸਿੰਘ ਸਭ ਤੋਂ ਪਹਿਲਾਂ 2018 ‘ਚ ਉਦੋਂ ਸੁਰਖੀਆਂ ‘ਚ ਆਇਆ ਸੀ, ਜਦੋਂ ਉਸ ਨੇ ਜਲੰਧਰ ਬਾਈਪਾਸ ਨੇੜੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲੀ ਸੀ। ਮਾਮਲੇ ‘ਚ ਨਿਹੰਗ ‘ਤੇ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਵੀ ਦਰਜ ਕੀਤਾ ਸੀ।

ਨਿਹੰਗ ਰਮਨਦੀਪ ਸਿੰਘ ‘ਤੇ ਉਕਤ ਪੁਲਿਸ ਮਾਮਲਿਆਂ ਤੋਂ ਇਲਾਵਾ ਕੁੱਲ੍ਹੜ ਪੀਜ਼ਾ ਰੈਸਟੋਰੈਂਟ ਦੇ ਬਾਹਰ ਹੰਗਾਮਾ ਕਰਨ ਦਾ ਮਾਮਲਾ ਵੀ ਦਰਜ ਹੈ। ਨਿਹੰਗ ਨੇ ਕਪਲ ਜੋੜ੍ਹੇ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਇਹ ਹੰਗਾਮਾ ਕੀਤਾ ਸੀ। ਇਸ ਦੌਰਾਨ ਉਸ ਨੇ ਜੋੜੇ ‘ਤੇ ਗਲਤ ਵੀਡੀਓ ਪਾ ਕੇ ਸਿੱਖੀ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਸੀ। ਦੂਜੇ ਪਾਸੇ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਨਿਹੰਗ ਸਿੰਘ (nihang-singh) ਵੱਲੋਂ 50,000 ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਰਮਨਦੀਪ ਸਿੰਘ ‘ਤੇ ਰੈਸਟੋਰੈਂਟ ਦੇ ਬਾਹਰ ਹੰਗਾਮਾ ਕਰਨ ਤਹਿਤ ਕੇਸ ਕੀਤਾ ਸੀ।

ਇਸ ਤੋਂ ਬਾਅਦ ਰਮਨਦੀਪ ਸਿੰਘ (Ramandeep Singh Mangumath) ਦਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ’ਚ ਨਿਹੰਗ ਵਿੱਕੀ ਥਾਮਸ ਨਾਲ ਵੀ ਵਿਵਾਦ ਹੋਇਆ ਸੀ। ਝਗੜਾ ਇੰਨਾ ਵੱਧ ਗਿਆ ਸੀ ਕਿ ਰਮਨਦੀਪ ਸਿੰਘ ਨੇ ਵਿੱਕੀ ਥਾਮਸ ਦੇ ਸਾਥੀ ਦਾ ਗੁੱਟ ਵੱਢ ਦਿੱਤਾ ਸੀ। ਪੁਲਿਸ ਨੇ ਉਸ ਸਮੇਂ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰੰਤੂ ਇਹ ਮੁੜ ਜ਼ਮਾਨਤ ‘ਤੇ ਬਾਹਰ ਆ ਗਿਆ ਸੀ। ਉਪਰੰਤ ਇਸ ਵੱਲੋਂ ਫੁਹਾਰਾ ਚੌਕ ’ਚ ਹਿੰਦੂ ਨੇਤਾ ਰੋਹਿਤ ਸਾਹਨੀ ਦੇ ਨਾਲ ਇੰਟਰਨੈੱਟ ਮੀਡੀਆ ’ਤੇ ਬਹਿਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਹੇਠਾਂ ਹੰਗਾਮਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।

ਰਮਨਦੀਪ ਸਿੰਘ ਮੰਗੂਮੱਠੂ ਵੱਲੋਂ 4 ਮਹੀਨੇ ਪਹਿਲਾਂ ਬਾਬਾ ਪ੍ਰੇਮਾਨੰਦ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਨ ਲਈ ਵੀ ਪਹੁੰਚੇ ਸਨ, ਜਦੋਂ ਉਹ ਬਾਜ ਲੈ ਕੇ ਪ੍ਰੇਮਾਨੰਦ ਆਸ਼ਰਮ ਪੁੱਜੇ ਸਨ ਅਤੇ ਸੋਸ਼ਲ ਮੀਡੀਆ ‘ਤੇ ਚਰਚਾ ਬਣੇ ਸਨ। ਦੱਸ ਦੇਈਏ ਕਿ ਇਹ ਉਹ ਬਾਬਾ ਪ੍ਰੇਮਾਨੰਦ ਸੀ, ਜਿਸ ਨੂੰ 1997 ਵਿੱਚ ਬਲਾਤਕਾਰ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਕਈ ਵਿਵਾਦਾਂ ‘ਚ ਘਿਰਿਆ ਇਹ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਦੇ ਹੁਣ ਫਿਰ ਨੌਜਵਾਨ ਦੇ ਕਤਲ ਦੇ ਮਾਮਲੇ ‘ਚ ਸਾਹਮਣੇ ਆਇਆ ਹੈ।  ਪੁਲਿਸ ਵੱਲੋਂ ਨਿਹੰਗ ਸਿੰਘ ਖਿਲਾਫ਼ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰਮਨਦੀਪ ਕਿਹੜੇ ਲੋਕਾਂ ਨਾਲ ਸੰਪਰਕ ’ਚ ਰਿਹਾ ਹੈ, ਇਸ ਲਈ ਪੁਲਿਸ ਉਸ ਦੇ ਇੰਟਰਨੈੱਟ ਮੀਡੀਆ ਅਕਾਊਂਟਸ, ਵ੍ਹਟਸਐਪ ਤੇ ਮੈਸੇਂਜਰ ਦੇ ਚੈਟ ਬਾਕਸ ਦੀ ਵੀ ਜਾਂਚ ਕਰ ਰਹੀ ਹੈ ਅਤੇ ਕਿਸ ਦੇ ਨਾਲ ਉਸ ਦੀ ਕਾਲਿੰਗ ਜ਼ਿਆਦਾ ਹੋ ਰਹੀ ਸੀ। ਰਮਨਦੀਪ ਸਿੰਘ ਨੇ ਜਿਸ ਫੋਨ ਨਾਲ ਕਤਲ ਤੋਂ ਪਹਿਲਾਂ ਤੇ ਬਾਅਦ ਦੇ ਵੀਡੀਓ ਬਣਾਏ ਗਏ, ਉਸ ਦੀ ਜਾਂਚ ਵੀ ਪੁਲਿਸ ਕਰ ਰਹੀ ਹੈ। ਫਿਲਹਾਲ ਅਦਾਲਤ ਨੇ ਬੁੱਧਵਾਰ ਰਮਨਦੀਪ ਸਿੰਘ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।