#PUNJAB

ਰਕਬਾ Toll ਪਲਾਜਾ ਤੀਜੇ ਦਿਨ ਵੀ ਰਿਹਾ ਪਰਚੀ ਮੁਕਤ

ਮੋਦੀ ਸਰਕਾਰ ਵਲੋਂ ਨੋਜਵਾਨ ਦੀ ਲਈ ਬਲੀ ਦਾ ਸਿਲਾ ਮੋੜਾਂਗੇ: ਤੁੰਗਾਹੇੜੀ 
ਲੁਧਿਆਣਾ, 22 ਫਰਵਰੀ (ਪੰਜਾਬ ਮੇਲ)- ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਬਠਿੰਡਾ ਲੁਧਿਆਣਾ ਜੀ ਟੀ ਰੋਡ ਤੇ ਸਿਥਤ ਰਕਬਾ ਟੋਲ ਪਲਾਜਾਤੀਜੇ ਦਿਨ ਵੀ ਪਰਚੀ ਮੁਕਤ ਰਿਹਾ। ਇੱਥੇ ਹੋਈ ਰੈਲੀ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਬਿਨਾਂ ਬੀਕੇਯੂ ਕਾਦੀਆਂ, ਕੁੱਲ ਹਿੰਦ ਕਿਸਾਨ ਸਭਾ (ਹਨਨ ਮੁੱਲਾ) ਦੇ ਵਰਕਰਾਂ ਨੇ ਭਾਗ ਲਿਆ। ਇਸ ਸਮੇਂ ਸਭ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਪੁਲਸ ਗੋਲੀ ਨਾਲ ਸ਼ਹੀਦ ਹੋਏ ਨੋਜਵਾਨ ਕਿਸਾਨ ਸ਼ੁਭਕਰਮਨ ਸਿੰਘ ਦੀ ਸ਼ਹਾਦਤ ਤੇ ਸਿਜਦਾ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਹਾਕਮ ਸਿੰਘ ਤੁੰਗਾਹੇੜੀ ਬਲਾਕ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤ ਡਕੌਂਦਾ ਨੇ ਕਿਹਾ ਕਿ ਸ਼ਹੀਦ ਨੋਜਵਾਨ ਦੀ ਸ਼ਹਾਦਤ ਦਾ ਮੋਦੀ ਹਕੂਮਤ ਖਿਲਾਫ ਜਨਤਕ ਦਬਾਅ ਲਾਮਬੰਦ ਕਰਕੇ ਸਿਆਸੀ ਤੋਰ ਤੇ ਲੋਕਾਂ ਚੋਂ ਨਕਾਰ ਕੇ ਲਿਆ ਜਾਵੇਗਾ।
ਇਸ ਸਮੇਂ ਕਿਸਾਨ ਆਗੂ ਹਰਜੀਤ ਸਿੰਘ ਕਲਸੀਆਂ ਅਤੇ ਕੁਲਦੀਪ ਸਿੰਘ ਖਾਲਸਾ ਰੱਤੋਵਾਲ ਨੇ ਕਿਹਾ ਕਿ ਡਕੌਂਦਾ ਦੇ ਸੱਤ ਜ਼ਿਲ੍ਹਿਆਂ ਦੇ ਕਿਸਾਨ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਚ ਹਰਿਆਣਾ ਦੇ ਡੱਬਵਾਲੀ ਬਾਰਡਰ ਤੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ‘ਚ ਦਿਲੀ ਕੂਚ ਲਈ ਮੋਰਚਾ ਗੱਡ ਚੁੱਕੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਮੋਦੀ  ਤੇ ਖੱਟਰ ਸਰਕਾਰ ਜਿਸ ਹੰਕਾਰ ਤੇ ਸੱਤਾ ਦੇ ਨਸ਼ੇ ਚ ਚੂਰ ਅੰਨਦਾਤਾ ਨਾਲ ਵੈਰ ਕਮਾ ਰਹੇ ਹਨ ਇਸ ਦਾ ਸਖਤੀ ਨਾਲ ਮੁਕਾਬਲਾ ਕੀਤਾ ਜਾਵੇਗਾ।
ਇਸ ਸਮੇਂ ਅਪਣੇ ਸੰਬੋਧਨ ‘ਚ ਬਲਦੇਵ ਸਿੰਘ ਲਤਾਲਾ, ਗੁਰਜੀਤ ਸਿੰਘ ਕਾਦੀਆਂ, ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਅੱਜ ਦੀ ਮੋਰਚੇ ਦੀ ਚੰਡੀਗੜ੍ਹ ‘ਚ ਚਲ ਰਹੀ ਕੇਂਦਰੀ ਮੀਟਿੰਗ ‘ਚ ਅਗਲੇ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾ ਰਹੀ ਹੈ। ਇਸ ਸਮੇਂ ਜਸਵਿੰਦਰ ਸਿੰਘ ਬਿੱਟੂ ਗੁਰਦੀਪ ਸਿੰਘ ਧੂੜਕੋਟ, ਹਰਦੇਵ ਸਿੰਘ, ਸੋਨੀ ਧੂੜਕੋਟ, ਚਮਕੌਰ ਸਿੰਘ ਕਮਾਲਪੁਰਾ ਆਦਿ ਆਗੂ ਹਾਜਰ ਸਨ।