#INDIA

ਯੂ.ਪੀ. ਤੇ ਮੱਧ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ Congress ਵਿਚਾਲੇ ਸਮਝੌਤਾ

* ਯੂ.ਪੀ. ਵਿਚ ਕਾਂਗਰਸ 17 ਤੇ ਮੱਧ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਇਕ ਸੀਟ ‘ਤੇ ਲੜੇਗੀ ਚੋਣ
ਲਖਨਊ, 22 ਫਰਵਰੀ (ਪੰਜਾਬ ਮੇਲ)-ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਭਾਈਵਾਲਾਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ‘ਚ ਸਮਝੌਤੇ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਨੇ ਸੂਬੇ ਲਈ ਹੋਏ ਸਮਝੌਤੇ ਵਿਚ ਕਾਂਗਰਸ ਨੂੰ ਕੁੱਲ 80 ਲੋਕ ਸਭਾ ਸੀਟਾਂ ‘ਚੋਂ ਰਾਏ ਬਰੇਲੀ, ਅਮੇਠੀ ਤੇ ਵਾਰਾਣਸੀ ਸਣੇ 17 ਸੀਟਾਂ ਦੇਣ ਦੀ ਹਾਮੀ ਭਰੀ ਹੈ। ਹਾਲਾਂਕਿ, ਮੱਧ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਇਕੱਲੀ ਖਜੂਰਾਹੋ ਸੀਟ ਤੋਂ ਚੋਣ ਲੜੇਗੀ ਅਤੇ ਸੂਬੇ ਦੇ ਬਾਕੀ ਲੋਕ ਸਭਾ ਹਲਕਿਆਂ ‘ਚ ਕਾਂਗਰਸ ਨੂੰ ਸਮਰਥਨ ਦੇਵੇਗੀ।
ਸੀਟਾਂ ਦੀ ਵੰਡ ਸਬੰਧੀ ਇਹ ਐਲਾਨ ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਤੇ ਕੌਮੀ ਜਨਰਲ ਸਕੱਤਰ ਰਾਜੇਂਦਰ ਚੌਧਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਤੇ ਕੁੱਲ ਹਿੰਦਾ ਕਾਂਗਰਸ ਦੇ ਯੂ.ਪੀ. ਮਾਮਲਿਆਂ ਬਾਰੇ ਇੰਚਾਰਜ ਅਵਿਨਾਸ਼ ਪਾਂਡੇ ਵੱਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਪਾਂਡੇ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ 17 ਸੀਟਾਂ ‘ਤੇ ਚੋਣ ਲੜੇਗੀ, ਜਦਕਿ ਬਾਕੀ 63 ਸੀਟਾਂ ‘ਤੇ ਸਮਾਜਵਾਦੀ ਪਾਰਟੀ ਤੇ ਗੱਠਜੋੜ ਦੇ ਹੋਰ ਭਾਈਵਾਲ ਚੋਣ ਲੜਨਗੇ।
ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਪਟੇਲ ਨੇ ਕਿਹਾ, ”63 ਸੀਟਾਂ ‘ਤੇ ਉਮੀਦਵਾਰਾਂ ਸਬੰਧੀ ਫੈਸਲਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਲੈਣਗੇ।” ਉਨ੍ਹਾਂ ਕਿਹਾ ਕਿ ਕਾਂਗਰਸੀ ਪਾਰਟੀ ਰਾਏ ਬਰੇਲੀ, ਅਮੇਠੀ, ਵਾਰਾਣਸੀ, ਕਾਨਪੁਰ ਸ਼ਹਿਰੀ, ਫ਼ਤਹਿਪੁਰ ਸੀਕਰੀ, ਬਾਸਗਾਓਂ, ਸਹਾਰਨਪੁਰ, ਪ੍ਰਯਾਗਰਾਜ, ਮਹਾਰਾਜਗੰਜ, ਅਮਰੋਹਾ, ਝਾਂਸੀ, ਬੁਲੰਦਸ਼ਹਿਰ, ਗਾਜ਼ੀਆਬਾਦ, ਮਥੁਰਾ, ਸੀਤਾਪੁਰ, ਬਾਰਾਬਾਂਕੀ ਅਤੇ ਦੇਵਰੀਆ ਤੋਂ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਇਸ ਵੇਲੇ ਰਾਏ ਬਰੇਲੀ ਤੋਂ ਸੰਸਦ ਮੈਂਬਰ ਹਨ, ਜਦਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਮੇਠੀ ਲੋਕ ਸਭਾ ਸੀਟ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ।
ਪਟੇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਖਜੁਰਾਹੋ ਸੀਟ ਤੋਂ ਚੋਣ ਲੜੇਗੀ, ਜਦਕਿ ਬਾਕੀ ਸੀਟਾਂ ‘ਤੇ ਕਾਂਗਰਸ ਨੂੰ ਸਮਰਥਨ ਦੇਵੇਗੀ। ਇਸ ਸੂਬੇ ਵਿਚ ਕੁੱਲ 29 ਲੋਕ ਸਭਾ ਸੀਟਾਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂ ਮਿਲ ਕੇ ਗੱਠਜੋੜ ਦੇ ਭਵਿੱਖ ਦੇ ਪ੍ਰੋਗਰਾਮ ਉਲੀਕਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਯੂ.ਪੀ. ‘ਚ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਖਿਲੇਸ਼ 24 ਜਾਂ 25 ਫਰਵਰੀ ਨੂੰ ਯਾਤਰਾ ਦੌਰਾਨ ਰਾਹੁਲ ਨਾਲ ਲੋਕਾਂ ਦੇ ਰੂ-ਬਰੂ ਹੋਣਗੇ। ਉਨ੍ਹਾਂ ਆਸ ਜਤਾਈ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿਚ ਸਖ਼ਤ ਟੱਕਰ ਦੇਵੇਗਾ।

ਪ੍ਰਿਅੰਕਾ ਨੇ ਸਮਝੌਤੇ ‘ਚ ਅਹਿਮ ਭੂਮਿਕਾ ਨਿਭਾਈ
ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਫੋਨ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਕੀਤੀ ਗਈ ਗੱਲਬਾਤ ਦੋਹਾਂ ਪਾਰਟੀਆਂ ਦੇ ਲੋਕ ਸਭਾ ਚੋਣਾਂ ਸਬੰਧੀ ਹੋਏ ਸਮਝੌਤੇ ਲਈ ਅਹਿਮ ਸਾਬਿਤ ਹੋਈ। ਇਸ ਗੱਲਬਾਤ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਸਹਿਮਤੀ ਬਣ ਗਈ। ਸੂਤਰਾਂ ਦਾ ਪਹਿਲਾਂ ਕਹਿਣਾ ਸੀ ਕਿ ਕਾਂਗਰਸ ਨੂੰ ਉਹ ਸੀਟਾਂ ਦਿੱਤੀਆਂ ਜਾ ਰਹੀਆਂ ਸਨ ਜਿੱਥੇ ਕਿ ਜਿੱਤਣ ਦੀ ਆਸ ਘੱਟ ਹੈ, ਜਦਕਿ ਕਾਂਗਰਸ ਪਾਰਟੀ ਵੱਲੋਂ ਬਦਲਵੇਂ ਹਲਕਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਿਅੰਕਾ ਤੇ ਅਖਿਲੇਸ਼ ਯਾਦਵ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਹੋਏ ਇਸ ਸਮਝੌਤੇ ਤਹਿਤ ਹੁਣ ਕਾਂਗਰਸ ਨੂੰ ਸੀਤਾਪੁਰ ਤੇ ਬਾਰਾਬਾਂਕੀ ਵਰਗੀਆਂ ਸੀਟਾਂ ਵੀ ਮਿਲ ਗਈਆਂ ਹਨ। ਇਸ ਤਰ੍ਹਾਂ ਹੁਣ ਕਾਂਗਰਸ ਦਾ ਵਧੀਆ ਵਧੀਆ ਸੌਦਾ ਹੋ ਗਿਆ ਹੈ। ਸੂਤਰਾਂ ਮੁਤਾਬਕ ਮੁਰਾਦਾਬਾਦ ਡਵੀਜ਼ਨ ਵਿਚ ਕਾਂਗਰਸ ਨੇ ਦੋ ਸੀਟਾਂ ਮੰਗੀਆਂ ਸਨ ਪਰ ਉਸ ਨੂੰ ਸਿਰਫ ਇਕ ਅਮਰੋਹਾ ਹੀ ਮਿਲੀ ਹੈ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਪ੍ਰਿਅੰਕਾ ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ। ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਕਾਰਨ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਉਨ੍ਹਾਂ ਦੀ ਸੀਟ ਤੋਂ ਚੋਣ ਲੜੇਗੀ ਪਰ ਕਨਸੋਆ ਮਿਲ ਰਹੀਆਂ ਹਨ ਕਿ ਪ੍ਰਿਅੰਕਾ ਗਾਂਧੀ ਰਾਏਬਰੇਲੀ ਤੋਂ ਚੋਣ ਲੜਨ ਦੇ ਪੱਖ ਵਿਚ ਨਹੀਂ ਹੈ।