#INDIA

ਯੂ.ਪੀ. ਜ਼ਿਮਨੀ ਚੋਣ : ਫਿਰ ਇਕੱਠਿਆਂ ਨਜ਼ਰ ਆਵੇਗੀ ਰਾਹੁਲ-ਅਖਿਲੇਸ਼ ਦੀ ਜੋੜੀ

ਯੂ.ਪੀ., 19 ਜੂਨ (ਪੰਜਾਬ ਮੇਲ)- ਲੋਕ ਸਭਾ ਚੋਣਾਂ ਭਾਵੇਂ ਖ਼ਤਮ ਹੋ ਗਈਆਂ ਹਨ ਪਰ ਦੇਸ਼ ਵਿਚ ਚੋਣ ਜਸ਼ਨ ਅਜੇ ਖ਼ਤਮ ਨਹੀਂ ਹੋਇਆ। ਆਉਣ ਵਾਲੀ ਜੁਲਾਈ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਵਿਧਾਨ ਸਭਾ ਉਪ ਚੋਣਾਂ ਹੋਣੀਆਂ ਹਨ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ‘ਚ ਜਿਥੇ ਭਾਜਪਾ ਕਾਫੀ ਹੱਦ ਤੱਕ ਆਪਣਾ ਸਿਆਸੀ ਆਧਾਰ ਗੁਆ ਚੁੱਕੀ ਹੈ, ਉੱਥੇ ਇਕ ਵਾਰ ਫਿਰ ਯੂ.ਪੀ. ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਉਪ ਚੋਣਾਂ ‘ਚ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਜੋੜੀ ਚੋਣ ਪ੍ਰਚਾਰ ਕਰਦੀ ਨਜ਼ਰ ਆ ਸਕਦੀ ਹੈ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਨੂੰ ਲੈ ਕੇ ਤਕਰਾਰ ਵਧਣ ਦੀ ਸੰਭਾਵਨਾ ਹੈ। ਲੋਕ ਸਭਾ ਚੋਣਾਂ ‘ਚ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਕਾਂਗਰਸ ਖਾਲੀ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ ‘ਤੇ ਪ੍ਰਸਤਾਵਿਤ ਉਪ ਚੋਣਾਂ ‘ਚ ਸਮਾਜਵਾਦੀ ਪਾਰਟੀ ਤੋਂ ਆਪਣੇ ਲਈ ਕੁਝ ਸੀਟਾਂ ਮੰਗੇਗੀ। ਰਿਪੋਰਟ ਮੁਤਾਬਕ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਦੇ ਕੁੱਲ 9 ਵਿਧਾਇਕ ਲੋਕ ਸਭਾ ਚੋਣਾਂ ‘ਚ ਵੱਖ-ਵੱਖ ਲੋਕ ਸਭਾ ਸੀਟਾਂ ਤੋਂ ਜਿੱਤੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਨੇ ਲੋਕ ਸਭਾ ਸੀਟਾਂ ਬਰਕਰਾਰ ਰੱਖਣ ਲਈ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ, ਸਿਸ਼ਾਮਾਉ ਵਿਧਾਨ ਸਭਾ ਸੀਟ ਖਾਲੀ ਹੋਣ ਜਾ ਰਹੀ ਹੈ, ਕਿਉਂਕਿ ਇਸ ਦੇ ਵਿਧਾਇਕ ਇਰਫਾਨ ਸੋਲੰਕੀ ਅੱਗਜ਼ਨੀ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਦਨ ਦੀ ਮੈਂਬਰਸ਼ਿਪ ਗੁਆਉਣ ਦੇ ਕੰਢੇ ‘ਤੇ ਹਨ।
ਸਪਾ ਮੁਖੀ ਅਤੇ ਕੰਨੌਜ ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ ਪਹਿਲਾਂ ਹੀ ਆਪਣੀ ਕਰਹਾਲ ਵਿਧਾਨ ਸਭਾ ਸੀਟ ਖਾਲੀ ਕਰ ਚੁੱਕੇ ਹਨ, ਤਾਂ ਕਿ ਉਹ ਆਪਣੀ ਸੰਸਦੀ ਸੀਟ ਬਰਕਰਾਰ ਰੱਖ ਸਕਣ, ਜਿਥੇ ਉਨ੍ਹਾਂ ਨੇ ਭਾਜਪਾ ਦੇ ਸੁਭਰਤ ਪਾਠਕ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ, ਜਦਕਿ ਪਾਰਟੀ ਦੇ ਮਿਲਕੀਪੁਰ (ਅਯੁੱਧਿਆ) ਦੇ ਵਿਧਾਇਕ ਅਵਧੇਸ਼ ਪ੍ਰਸਾਦ ਅਤੇ ਲਾਲਜੀ ਵਰਮਾ ਨੇ ਵੀ ਅਜਿਹਾ ਹੀ ਕੀਤਾ, ਉਨ੍ਹਾਂ ਨੇ ਵੀ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫਾ ਦੇ ਦਿੱਤਾ ਅਤੇ ਸੰਸਦੀ ਸੀਟਾਂ ਹਾਸਲ ਕੀਤੀਆਂ ਹਨ।
ਯੂ.ਪੀ. ‘ਚ ਲੋਕ ਸਭਾ ਚੋਣਾਂ ‘ਚ ਸਪਾ ਅਤੇ ਕਾਂਗਰਸ ਆਪਣੀ ਜਿੱਤ ਤੋਂ ਉਤਸ਼ਾਹਿਤ ਹਨ ਅਤੇ ਉਨ੍ਹਾਂ ਦੇ ਵਰਕਰਾਂ ‘ਚ ਜਿੱਤ ਦਾ ਜੋਸ਼ ਅਜੇ ਵੀ ਬਰਕਰਾਰ ਹੈ। ਦੂਜਾ, ਕੇਰਲ ਦੀ ਵਾਇਨਾਡ ਸੀਟ ਛੱਡਣ ਤੋਂ ਬਾਅਦ ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਉੱਤਰ ਪ੍ਰਦੇਸ਼ ‘ਤੇ ਫੋਕਸ ਕਰਨਾ ਚਾਹੁੰਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸ ਨੇ ਆਪਣਾ ਸਟੈਂਡ ਬਦਲ ਲਿਆ ਹੈ। ਰਾਹੁਲ ਗਾਂਧੀ ਦਾ ਰਾਏਬਰੇਲੀ ਸੰਸਦੀ ਸੀਟ ਬਰਕਰਾਰ ਰੱਖਣਾ ਅਤੇ ਵਾਇਨਾਡ ਸੀਟ ਛੱਡਣਾ ਉਸ ਹਮਲਾਵਰ ਸਟੈਂਡ ਦਾ ਸੰਕੇਤ ਹੈ। ਜ਼ਾਹਿਰ ਹੈ, ਇਸ ਲਈ ਲੋਕ ਸਭਾ ਚੋਣਾਂ ‘ਚ 10 ਸਾਲਾਂ ਦੇ ਲੰਮੇ ਸੋਕੇ ਤੋਂ ਬਾਅਦ ਹਾਸਲ ਕੀਤੀ ਗਈ ਜਿੱਤ ਦੀ ਲੈਅ ਨੂੰ ਜਾਰੀ ਰੱਖਣ ਲਈ ਸਪਾ ਅਤੇ ਕਾਂਗਰਸ ਕੋਈ ਕਸਰ ਨਹੀਂ ਛੱਡਣਗੇ।