#INDIA

ਯੂ.ਪੀ. ‘ਚ ਸਾਬਕਾ ਪਾਕਿ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਜੁੜੀ ਜ਼ਮੀਨ ਦੀ ਹੋਈ ਨਿਲਾਮੀ

ਬਾਗਪਤ, 14 ਨਵੰਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਕੋਟਾਨਾ ‘ਚ ਸਥਿਤ ਤੇ ਦੁਸ਼ਮਣ ਜਾਇਦਾਦ ਕਰਾਰ ਦਿੱਤੀ ਗਈ ਦੋ ਹੈਕਟੇਅਰ ਜ਼ਮੀਨ ਤਿੰਨ ਵਿਅਕਤੀਆਂ ਨੇ 1 ਕਰੋੜ 38 ਲੱਖ 16 ਹਜ਼ਾਰ ਰੁਪਏ ਵਿਚ ਖਰੀਦੀ ਹੈ ਅਤੇ ਨਿਲਾਮੀ ਦੀ ਇਸ ਰਕਮ ਦਾ ਚੌਥਾ ਹਿੱਸਾ ਪੈਸਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਨਿਲਾਮੀ ਵਿਚ ਵੇਚੀ ਗਈ ਇਹ ਜ਼ਮੀਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਦੱਸੀ ਜਾਂਦੀ ਹੈ, ਹਾਲਾਂਕਿ ਇਹ ਵੀ ਆਖਿਆ ਜਾਂਦਾ ਹੈ ਕਿ ਪਰਵੇਜ਼ ਮੁਸ਼ੱਰਫ਼ ਇਸ ਜ਼ਮੀਨ ਵਿਚ ਕਦੇ ਵੀ ਨਹੀਂ ਆਏ ਸਨ।
ਜ਼ਿਲ੍ਹੇ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐੱਮ.) ਪੰਕਜ ਵਰਮਾ ਨੇ ਇਹ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਲ 13 ਵਿੱਘੇ ਜ਼ਮੀਨ ਵਾਲੇ ਅੱਠ ਪਲਾਟ ਤਿੰਨ ਵਿਅਕਤੀਆਂ ਵੱਲੋਂ ਆਨਲਾਈਨ ਨਿਲਾਮੀ ਰਾਹੀਂ 1 ਕਰੋੜ 38 ਲੱਖ 16 ਹਜ਼ਾਰ ਰੁਪਏ ਵਿਚ ਖਰੀਦੇ ਗਏ ਸਨ। ਉਨ੍ਹਾਂ ਨੇ ਇਸ ਰਕਮ ਦਾ 25 ਫੀਸਦੀ ਜਮ੍ਹਾਂ ਕਰਵਾਉਣਾ ਸੀ, ਜੋ ਉਹ ਪਹਿਲਾਂ ਹੀ ਕਰ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਨਿਲਾਮ ਕੀਤੀ ਗਈ ਜਾਇਦਾਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਪਰਿਵਾਰਕ ਮੈਂਬਰਾਂ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਵਰਮਾ ਮੁਤਾਬਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਕੋਈ ਸਬੂਤ ਸਾਹਮਣੇ ਆਇਆ ਹੈ ਕਿ ਨੂਰੂ ਦੀ ਪਰਵੇਜ਼ ਮੁਸ਼ੱਰਫ ਨਾਲ ਕੋਈ ਰਿਸ਼ਤੇਦਾਰੀ ਸੀ। ਮਾਲ ਰਿਕਾਰਡ ਵਿਚ ਇਹ ਦੁਸ਼ਮਣ ਜਾਇਦਾਦ ਨੂਰੂ ਦੇ ਨਾਂ ‘ਤੇ ਦਰਜ ਹੈ, ਜਿਸ ਦੀ ਨਿਲਾਮੀ ਕੀਤੀ ਗਈ ਹੈ।
ਉਨ੍ਹਾਂ ਕਿਹਾ, ”ਨੂਰੂ ਅਤੇ ਪਰਵੇਜ਼ ਮੁਸ਼ੱਰਫ਼ ਵਿਚਕਾਰ ਕਿਸੇ ਰਿਸ਼ਤੇ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ। ਰਿਕਾਰਡ ਤੋਂ ਹੀ ਪਤਾ ਲੱਗਦਾ ਹੈ ਕਿ ਨੂਰੂ 1965 ਵਿਚ ਪਾਕਿਸਤਾਨ ਹਿਜਰਤ ਕਰ ਗਿਆ ਸੀ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜ਼ਮੀਨ ਨੂੰ ਦੁਸ਼ਮਣ ਜਾਇਦਾਦ ਐਲਾਨਿਆ ਸੀ ਅਤੇ ਇਸ ਦੀ ਵਿਕਰੀ ਸਥਾਪਤ ਨਿਯਮਾਂ ਅਨੁਸਾਰ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬੜੌਤ ਤਹਿਸੀਲ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਕੋਟਾਨਾ ਪਿੰਡ ਵਿਚ ਸਥਿਤ ਇਹ ਜ਼ਮੀਨ ਰਿਹਾਇਸ਼ੀ ਸ਼੍ਰੇਣੀ ਵਿਚ ਨਹੀਂ ਆਉਂਦੀ ਹੈ।
ਬੜੌਤ ਦੇ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਅਮਰ ਵਰਮਾ ਪਹਿਲਾਂ ਖ਼ਬਰ ਏਜੰਸੀ ਨੂੰ ਦੱਸ ਚੁੱਕੇ ਹਨ ਕਿ ਮੁਸ਼ੱਰਫ਼ ਦੇ ਦਾਦਾ ਜੀ ਪਹਿਲਾਂ ਕੋਟਾਨਾ ਵਿਚ ਰਹਿੰਦੇ ਸਨ। ਉਨ੍ਹਾਂ ਕਿਹਾ, ”ਜਿੱਥੋਂ ਤੱਕ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਸਵਾਲ ਹੈ, ਉਨ੍ਹਾਂ ਦਾ ਜਨਮ ਦਿੱਲੀ ਵਿਚ ਹੋਇਆ ਸੀ। ਉਹ ਕਦੇ ਇੱਥੇ ਨਹੀਂ ਆਏ ਅਤੇ ਇਹ ਉਨ੍ਹਾਂ ਦੇ ਪਰਿਵਾਰ ਦੀ ਸਾਂਝੀ ਜ਼ਮੀਨ ਸੀ।” ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਪਿਤਾ ਸਈਦ ਮੁਸ਼ੱਰਫੂਦੀਨ ਅਤੇ ਮਾਂ ਜ਼ਰੀਨ ਬੇਗਮ ਕਦੇ ਇਸ ਪਿੰਡ ਵਿਚ ਨਹੀਂ ਰਹੇ, ਪਰ ਉਨ੍ਹਾਂ ਦੇ ਚਾਚਾ ਹੁਮਾਯੂੰ ਕਾਫੀ ਦੇਰ ਇਥੇ ਰਹੇ।
ਵਰਮਾ ਨੇ ਕਿਹਾ, ”ਪਿੰਡ ਵਿਚ ਇੱਕ ਘਰ ਵੀ ਹੈ, ਜਿੱਥੇ ਹੁਮਾਯੂੰ ਆਜ਼ਾਦੀ ਤੋਂ ਪਹਿਲਾਂ ਰਹਿੰਦੇ ਸਨ। ਇਸ ਜ਼ਮੀਨ ਨੂੰ 2010 ਵਿਚ ਦੁਸ਼ਮਣ ਜਾਇਦਾਦ ਐਲਾਨ ਦਿੱਤਾ ਗਿਆ ਸੀ।”