#EUROPE

ਯੂ.ਕੇ. ਵੱਲੋਂ ਭਾਰਤ ਨੂੰ ਸੁਰੱਖਿਅਤ ਮੁਲਕਾਂ ਦੀ ਸੂਚੀ ‘ਚ ਸ਼ਾਮਲ ਕਰਨ ਦੀ ਤਿਆਰੀ

ਲੰਡਨ, 10 ਨਵੰਬਰ (ਪੰਜਾਬ ਮੇਲ)- ਯੂ.ਕੇ. ਸਰਕਾਰ ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਵਿਆਪਕ ਸੂਚੀ ਵਿਚ ਸ਼ਾਮਲ ਕਰਨ ਲਈ ਇਕ ਯੋਜਨਾ ‘ਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ਦੇ ਅਮਲੀ ਰੂਪ ਲੈਣ ਨਾਲ ਬਰਤਾਨੀਆ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਅਮਲ ਤੇਜ਼ ਹੋਵੇਗਾ ਤੇ ਅਜਿਹੇ ਵਿਅਕਤੀਆਂ ਦੇ ਬ੍ਰਿਟੇਨ ਵਿਚ ਸ਼ਰਨ ਲੈਣ ਦੀ ਸੰਭਾਵਨਾ ਵੀ ਖ਼ਤਮ ਹੋ ਜਾਵੇਗੀ। ਹਾਊਸ ਆਫ਼ ਕਾਮਨਜ਼ ਵਿਚ ਬੁੱਧਵਾਰ ਨੂੰ ਰੱਖੇ ਕਾਨੂੰਨ ਦੇ ਇਸ ਮਸੌਦੇ ਵਿਚ ਭਾਰਤ ਤੇ ਜੌਰਜੀਆ ਜਿਹੇ ਮੁਲਕਾਂ ਨੂੰ ਸੂਚੀ ਵਿਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਹੈ। ਯੂ.ਕੇ. ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਦੇਸ਼ ਦੇ ਆਵਾਸ (ਇਮੀਗ੍ਰੇਸ਼ਨ) ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ। ਬਰਤਾਨੀਆ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ, ”ਸਾਨੂੰ ਲੋਕਾਂ ਨੂੰ ਮੌਲਿਕ ਰੂਪ ਵਿੱਚ ਸੁਰੱਖਿਅਤ ਮੁਲਕਾਂ ਤੋਂ ਯੂ.ਕੇ. ਲਈ ਖ਼ਤਰਨਾਕ ਤੇ ਗੈਰਕਾਨੂੰਨੀ ਯਾਤਰਾ ਕਰਨ ਤੋਂ ਰੋਕਣਾ ਹੋਵੇਗਾ।” ਬ੍ਰੇਵਰਮੈਨ ਨੇ ਕਿਹਾ, ”ਇਸ ਲਿਸਟ ਦਾ ਘੇਰਾ ਵਧਾਉਣ ਨਾਲ ਅਸੀਂ ਉਨ੍ਹਾਂ ਲੋਕਾਂ ਨੂੰ ਇਥੋਂ ਤੇਜ਼ੀ ਨਾਲ ਹਟਾ ਸਕਾਂਗੇ, ਜਿਨ੍ਹਾਂ ਨੂੰ ਇਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।”