ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਏਜੰਸੀ ਨੇ 14 ਹਜ਼ਾਰ ਤੋਂ ਵੱਧ ਸ਼ੱਕੀ ਇਮੀਗ੍ਰੇਸ਼ਨ ਕੇਸ ICE ਨੂੰ ਭੇਜੇ ਹਨ, ਜੋ ਕਿ ਸ਼ੱਕੀ ਲੱਗ ਰਹੇ ਸਨ। ਯੂ.ਐੱਸ.ਸੀ.ਆਈ.ਐੱਸ. ਨੇ ਇਸ ਤੋਂ ਇਲਾਵਾ 65 ਫੀਸਦੀ ਮਾਮਲਿਆਂ ਦੀ ਪਛਾਣ ਕਰ, ਰਿਕਾਰਡ 1 ਲੱਖ 96 ਹਜ਼ਾਰ ਦੀ ਰਿਪੋਰਟ ਕੀਤੀ ਹੈ। ਇਸ ਵਿਭਾਗ ਦੇ ਡਾਇਰੈਕਟਰ ਜੋਸਫ ਬੀ ਐਡਲੋ ਨੇ ਕਿਹਾ ਕਿ ਏਜੰਸੀ ਨੇ ਸੁਰੱਖਿਆ ਅਤੇ ਧੋਖਾਧੜੀ ਦੀ ਰੋਕਥਾਮ ‘ਤੇ ਕੇਂਦਰਿਤ ‘ਅਮਰੀਕਾ ਫਸਟ’ ਨੀਤੀ ਦੀ ਪਹੁੰਚ ਨੂੰ ਅਪਣਾਇਆ ਹੈ।
ਵਾਸ਼ਿੰਗਟਨ ਡੀ.ਸੀ. ਵਿਚ ਅਫਗਾਨ ਨਾਗਰਿਕ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਯੂ.ਐੱਸ.ਸੀ.ਆਈ.ਐੱਸ. ਨੇ ਸਾਰੇ ਦੇਸ਼ਾਂ ਲਈ ਸ਼ਰਨ ਪ੍ਰਕਿਰਿਆਵਾਂ ਨੂੰ ਰੋਕ ਦਿੱਤਾ ਹੈ। ਇਸ ਏਜੰਸੀ ਨੇ ਉੱਚ ਜ਼ੋਖਿਮ ਵਾਲੇ ਦੇਸ਼ਾਂ ਤੋਂ ਗਰੀਨ ਕਾਰਡਾਂ ਦੀ ਦੁਬਾਰਾ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਇਸ ‘ਤੇ ਬਿਆਨ ਦਿੰਦੇ ਹੋਏ ਗ੍ਰਹਿ ਸੁਰੱਖਿਆ ਵਿਭਾਗ ਦੀ ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਕਿ ਇੱਕ ਸਾਲ ਤੋਂ ਵੀ ਘੱਟ ਰਿਕਾਰਡ ਸਮੇਂ ਵਿਚ ਰਾਸ਼ਟਰਪਤੀ ਟਰੰਪ ਨੇ ਸਰਹੱਦ ਨੂੰ ਸੁਰੱਖਿਅਤ ਕੀਤਾ ਹੈ ਅਤੇ ਹਜ਼ਾਰਾਂ ਅਪਰਾਧਿਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਸਖਤੀ ਕੀਤੀ ਜਾਵੇਗੀ ਅਤੇ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਯੂ.ਐੱਸ.ਸੀ.ਆਈ.ਐੱਸ. ਵੱਲੋਂ ਸ਼ੱਕੀ ਕੇਸਾਂ ‘ਤੇ ਕੀਤੀ ਜਾ ਰਹੀ ਹੈ ਸਖਤੀ

