#INDIA

ਯੂ.ਐੱਨ.ਐੱਸ.ਸੀ. ‘ਚ ਭਾਰਤ ਨੂੰ ਸਥਾਈ ਸੀਟ ਨਾ ਮਿਲਣਾ ਬੇਤੁਕਾ : ਐਲੋਨ ਮਸਕ

ਨਵੀਂ ਦਿੱਲੀ, 23 ਜਨਵਰੀ (ਪੰਜਾਬ ਮੇਲ)- ਯੂ.ਐੱਨ.ਐੱਸ.ਸੀ. ਵਿਚ ਭਾਰਤ ਦੀ ਅਸਥਾਈ ਸੀਟ ਬਾਰੇ ਦੁਨੀਆਂ ਦੇ ਮਸ਼ਹੂਰ ਅਤੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕਿਹਾ ਕਿ ਇਹ ਬਹੁਤ ਅਜੀਬ ਹੈ ਕਿ ਭਾਰਤ ਨੂੰ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਯੂ.ਐੱਨ.ਐੱਸ.ਸੀ. ਵਿਚ ਸਥਾਈ ਸੀਟ ਨਹੀਂ ਮਿਲੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਵੀ ਸਮੱਸਿਆ ਹੈ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਇਹ ਸ਼ਕਤੀ ਹੈ, ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦੇ ਹਨ। ਇਸ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਯੂ.ਐੱਨ.ਐੱਸ.ਸੀ. ਵਿਚ ਅਸਥਾਈ ਸੀਟ ਬਾਰੇ ਕਿਹਾ ਸੀ ਕਿ ਦੁਨੀਆਂ ਕਦੇ ਵੀ ਕੁਝ ਵੀ ਆਸਾਨੀ ਨਾਲ ਨਹੀਂ ਦਿੰਦੀ। ਕਈ ਵਾਰ ਇਸਨੂੰ ਲੈਣਾ ਪੈਂਦਾ ਹੈ।
ਧਰਤੀ ‘ਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਭਾਰਤ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸੀਟ ਨਾ ਹੋਣਾ ਬੇਤੁਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਫਰੀਕਾ ਨੂੰ ਪੂਰੀ ਸਥਾਈ ਸੀਟ ਮਿਲਣੀ ਚਾਹੀਦੀ ਹੈ।’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨਾਲ ਆਪਣੀ ਦੁਵੱਲੀ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਜ਼ੋਰਦਾਰ ਸਮਰਥਨ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਜੀ-20 ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਦੁਵੱਲੀ ਬੈਠਕ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਵੀ ਕਿਹਾ ਸੀ ਕਿ ਜੇਕਰ ਭਾਰਤ ਵਰਗਾ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣ ਜਾਂਦਾ ਹੈ ਤਾਂ ਤੁਰਕੀ ਨੂੰ ‘ਮਾਣ’ ਹੋਵੇਗਾ। ਏਰਦੋਗਨ ਦਾ ਇਹ ਬਿਆਨ ਹੈਰਾਨੀਜਨਕ ਹੈ ਕਿਉਂਕਿ ਉਹ ਕਈ ਵਾਰ ਕਈ ਮੰਚਾਂ ‘ਤੇ ਭਾਰਤ ਵਿਰੋਧੀ ਰੁਖ਼ ਅਪਣਾ ਚੁੱਕੇ ਹਨ।