#OTHERS

ਯੂ.ਏ.ਈ. ਸਰਕਾਰ ਵੱਲੋਂ ਮਿਜ਼ਾਈਲ ਹਮਲੇ ਦੇ ਖਤਰੇ ਸੰਬੰਧੀ ‘ਐਮਰਜੈਂਸੀ ਅਲਰਟ’ ਜਾਰੀ

ਦੁਬਈ, 6 ਮਾਰਚ (ਪੰਜਾਬ ਮੇਲ) ਪੱਛਮੀ ਏਸ਼ੀਆ ‘ਚ ਜਾਰੀ ਫੌਜੀ ਸੰਘਰਸ਼ ਹੁਣ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਦੁਬਈ ਵਿਚ ਰਹਿਣ ਵਾਲੇ ਲੋਕਾਂ ਦੇ ਮੋਬਾਈਲ ‘ਤੇ ਖਤਰੇ ਦੇ ਅਲਰਟ ਦੇ ਸੰਦੇਸ਼ ਆਉਣ ਤੋਂ ਬਾਅਦ ਦੇਸ਼ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸੰਦੇਸ਼ ਵਿਚ ਸੰਭਾਵਿਤ ਮਿਜ਼ਾਈਲ ਖਤਰੇ ਦੀ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਤੁਰੰਤ ਸੁਰੱਖਿਅਤ ਸਥਾਨਾਂ ‘ਤੇ ਸ਼ਰਨ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਯੂ.ਏ.ਈ. ਦੇ ਗ੍ਰਹਿ ਮੰਤਰਾਲੇ ਨੇ ਇੱਕ ਸਖ਼ਤ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ, ”ਮੌਜੂਦਾ ਹਾਲਾਤ ਅਤੇ ਸੰਭਾਵਿਤ ਮਿਜ਼ਾਈਲ ਖਤਰਿਆਂ ਦੇ ਮੱਦੇਨਜ਼ਰ, ਤੁਰੰਤ ਨੇੜਲੀ ਸੁਰੱਖਿਅਤ ਇਮਾਰਤ ਵਿਚ ਸ਼ਰਨ ਲਓ। ਖਿੜਕੀਆਂ, ਦਰਵਾਜ਼ਿਆਂ ਅਤੇ ਖੁੱਲ੍ਹੇ ਸਥਾਨਾਂ ਤੋਂ ਦੂਰ ਰਹੋ।” ਦੁਬਈ ਪੁਲਿਸ ਤੇ ਸੁਰੱਖਿਆ ਬਲਾਂ ਨੇ ਵੀ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਿਰਫ ਅਧਿਕਾਰਤ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਖੇਤਰੀ ਤਣਾਅ ਕਾਰਨ ਹਵਾਈ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਦੇਸ਼ਾਂ ਵੱਲੋਂ ਆਪਣਾ ਏਅਰਸਪੇਸ (ਹਵਾਈ ਖੇਤਰ) ਬੰਦ ਕੀਤੇ ਜਾਣ ਕਾਰਨ ਉਡਾਣਾਂ ਦਾ ਸੰਚਾਲਨ ਠੱਪ ਹੋ ਗਿਆ ਹੈ। ਐਮੀਰੇਟਸ, ਏਅਰ ਇੰਡੀਆ ਅਤੇ ਇੰਡੀਗੋ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਕਈ ਦਿਨਾਂ ਦੇ ਵਿਘਨ ਤੋਂ ਬਾਅਦ ਹੁਣ ਸੀਮਤ ਸੰਚਾਲਨ ਕਰ ਰਹੀਆਂ ਹਨ। ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਕੁਝ ਵਿਸ਼ੇਸ਼ ਰਾਹਤ ਅਤੇ ਵਤਨ ਵਾਪਸੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ, ਪਰ ਸੁਰੱਖਿਆ ਚਿੰਤਾਵਾਂ ਕਾਰਨ ਕਈ ਰੂਟ ਅਜੇ ਵੀ ਮੁਅੱਤਲ ਹਨ।
ਦੇਸ਼ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਛਿੜਨ ਤੋਂ ਬਾਅਦ ਖਾੜੀ ਦੇਸ਼ਾਂ ‘ਚ ਸੁਰੱਖਿਆ ਪ੍ਰਬੰਧਾਂ ਨੂੰ ਹਾਈ-ਅਲਰਟ ‘ਤੇ ਰੱਖਿਆ ਗਿਆ ਹੈ। ਦੁਬਈ ਵਰਗੇ ਵਿਸ਼ਵਵਿਆਪੀ ਵਪਾਰਕ ਕੇਂਦਰ ‘ਚ ਅਜਿਹੇ ਅਲਰਟ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਸੰਘਰਸ਼ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਸੁਰੱਖਿਆ ਏਜੰਸੀਆਂ ਸਥਿਤੀ ਦੀ ਪਲ-ਪਲ ਨਿਗਰਾਨੀ ਕਰ ਰਹੀਆਂ ਹਨ, ਤਾਂ ਜੋ ਨਾਗਰਿਕਾਂ ਅਤੇ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।