ਯੂਬਾ ਸਿਟੀ (ਕੈਲੀਫੋਰਨੀਆ), 8 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੁਰਦੁਆਰਾ ਸਾਹਿਬ ਟਰਬਿਆਨਾ ਰੋਡ, ਯੂਬਾ ਸਿਟੀ ਵੱਲੋਂ 44ਵੇਂ ਵਿਸ਼ਾਲ ਨਗਰ ਕੀਰਤਨ ਅਤੇ ਧਾਰਮਿਕ ਦੀਵਾਨਾਂ ਦਾ ਆਯੋਜਨ ਕੀਤਾ ਗਿਆ। ਤਿੰਨ ਦਿਨ ਚੱਲੇ ਇਨ੍ਹਾਂ ਸਮਾਗਮਾਂ ‘ਚ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ ਜੀ ਕਥਾਵਾਚਕ ਫਤਿਹਗੜ੍ਹ ਸਾਹਿਬ ਵਾਲੇ, ਭਾਈ ਮਹਿਲ ਸਿੰਘ ਜੀ ਕਵੀਸ਼ਰ ਜੱਥਾ ਚੰਡੀਗੜ੍ਹ ਵਾਲੇ, ਭਾਈ ਸੁਖਵਿੰਦਰ ਸਿੰਘ ਅਨਮੋਲ ਢਾਡੀ ਜੱਥਾ, ਭਾਈ ਬਿਕਰਮ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਅਤੇ ਭਾਈ ਉਮੇਸ਼ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਤੇ ਉਨ੍ਹਾਂ ਨੇ ਅਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਹਿਲੇ ਦਿਨ ਆਤਿਸ਼ਬਾਜ਼ੀ ਕੀਤੀ ਗਈ। ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ ਤੇ ਰੈਣ ਸਬਾਈ ਕੀਰਤਨ ਹੋਇਆ। ਨਗਰ ਕੀਰਤਨ ਤੋਂ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਜਿੱਥੇ ਅਮਰੀਕੀ ਆਗੂਆਂ ਨੇ ਆਪਣੇ ਵਿਚਾਰ ਰੱਖੇ, ਉੱਥੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਨਗਰ ਕੀਰਤਨ ਵਾਲੇ ਦਿਨ ਸਵੇਰ ਦੇ ਦੀਵਾਨਾਂ ਵਿਚ ਵੱਖ-ਵੱਖ ਬੁਲਾਰਿਆਂ, ਰਾਗੀ, ਢਾਡੀ ਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਦੌਰਾਨ ਪਹਿਲੀ ਸਿੱਖ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਅਤੇ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
ਤੀਜੇ ਦਿਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸੁੰਦਰ ਫਲੋਟ ਵਿਚ ਸਜਾ ਕੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕੱਢਿਆ ਗਿਆ। ਬਹੁਤ ਸਾਰੇ ਗੁਰੂ ਘਰਾਂ ਅਤੇ ਸਿੱਖ ਜਥੇਬੰਦੀਆਂ ਦੇ ਫਲੋਟ ਇਸ ਤੋਂ ਪਿੱਛੇ ਚੱਲ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਸਿੱਖ ਮੋਟਰਸਾਈਕਲ ਰਾਈਡਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਥਾਂ-ਥਾਂ ਲੰਗਰ ਲਾਏ ਹੋਏ ਸਨ। ਨਗਰ ਕੀਰਤਨ ਵਿਚ ਹੋਰਨਾਂ ਤੋਂ ਇਲਾਵਾ ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਥੀਨ ਹੋ, ਸੁਰਿੰਦਰ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਹਰਬੰਸ ਸਿੰਘ ਪੰਮਾ, ਕਰਮ ਸਿੰਘ ਬੈਂਸ, ਜੌਹਨ ਸਿੰਘ ਗਿੱਲ, ਸੁਰਿੰਦਰ ਸਿੰਘ ਅਟਵਾਲ, ਡਾ. ਜਸਬੀਰ ਸਿੰਘ ਕੰਗ, ਜਸਮੇਲ ਸਿੰਘ ਚਿੱਟੀ, ਸਰਬਜੀਤ ਸਿੰਘ, ਜੱਗੀ ਟੁੱਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਆਗੂ ਇਸ ਨਗਰ ਕੀਰਤਨ ਵਿਚ ਹਾਜ਼ਰ ਸਨ।