ਭਾਰਤ, ਚੀਨ ਤੇ ਬਰਾਜ਼ੀਲ ਮਸਲੇ ਦੇ ਹੱਲ ਲਈ ਕਰ ਰਹੇ ਨੇ ਸੰਜੀਦਾ ਕੋਸ਼ਿਸ਼ਾਂ: ਰੂਸੀ ਰਾਸ਼ਟਰਪਤੀ
ਮਾਸਕੋ, 5 ਸਤੰਬਰ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਨਾਲ ਰੂਸ ਦੀ ਜਾਰੀ ਜੰਗ ਦੇ ਮਾਮਲੇ ਉਤੇ ਲਗਾਤਾਰ ਭਾਰਤ, ਚੀਨ ਅਤੇ ਬ੍ਰਾਜ਼ੀਲ ਦੇ ਸੰਪਰਕ ਵਿਚ ਹਨ।
ਰੂਸੀ ਖ਼ਬਰ ਏਜੰਸੀ ‘ਤਾਸ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਇਹ ਵੀ ਕਿਹਾ ਕਿ ਇਹ ਤਿੰਨੇ ਮੁਲਕ ਮਸਲੇ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਹਨ। ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਕਿਹਾ, ”ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਦਾ ਸਤਿਕਾਰ ਕਰਦੇ ਹਾਂ, ਜੋ ਮੇਰੇ ਖ਼ਿਆਲ ਵਿਚ ਇਸ ਟਰਕਾਅ ਨਾਲ ਜੁੜੇ ਹੋਏ ਮੁੱਦਿਆਂ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਹਨ, ਖ਼ਾਸਕਰ ਚੀਨ, ਬ੍ਰਾਜ਼ੀਲ ਅਤੇ ਭਾਰਤ। ਮੈਂ ਇਸ ਮੁੱਦੇ ਉਤੇ ਆਪਣੇ ਇਨ੍ਹਾਂ ਦੋਸਤਾਂ ਨਾਲ ਲਗਾਤਾਰ ਰਾਬਤਾ ਰੱਖਦਾ ਹਾਂ।”
ਰੂਸ ਦੇ ਵਲਾਦੀਵੋਸਤੋਕ ਵਿਚ ਪੂਰਬੀ ਆਰਥਿਕ ਫੋਰਮ (ਈ.ਈ.ਐੱਫ. : ਈਸਟਰਨ ਇਕਨੌਮਿਕ ਫੋਰਮ) ਦੇ ਹੋਏ ਪਲੈਨਰੀ ਸੈਸ਼ਨ ਬਾਰੇ ਰਿਪੋਰਟਿੰਗ ਕਰਦਿਆਂ ਅਮਰੀਕੀ ਮੀਡੀਆ ਪੋਰਟਲ ‘ਪੋਲਿਟਿਕੋ’ ਨੇ ਵੀ ਸ੍ਰੀ ਪੂਤਿਨ ਦੇ ਹਵਾਲੇ ਨਾਲ ਕਿਹਾ, ”ਜੇ ਯੂਕਰੇਨ ਦੀ ਗੱਲਬਾਤ ਕਰਨ ਦੀ ਖ਼ਾਹਿਸ਼ ਹੋਵੇ, ਤਾਂ ਮੈਂ ਅਜਿਹਾ ਕਰ ਸਕਦਾ ਹਾਂ।”
ਪੂਤਿਨ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਕਰੇਨ ਦੇ ਕੀਤੇ ਗਏ ਇਤਿਹਾਸਕ ਦੌਰੇ ਅਤੇ ਉਨ੍ਹਾਂ ਵੱਲੋਂ ਮੁਲਕ ਦੇ ਸਦਰ ਵੋਲੋਦੀਮੀਰ ਜ਼ੇਲੈਂਸਕੀ ਨਾਲ ਕੀਤੀ ਗਈ ਗੱਲਬਾਤ ਤੋਂ ਦੋ ਹਫ਼ਤਿਆਂ ਦੌਰਾਨ ਆਈ ਹੈ।
ਰੂਸੀ ਰਾਸ਼ਟਰਪਤੀ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਵੀ ਵੱਖਰੇ ਤੌਰ ‘ਤੇ ਕਿਹਾ ਕਿ ਯੂਕਰੇਨ ਨਾਲ ਗੱਲਬਾਤ ਅੱਗੇ ਵਧਾਉਣ ਵਿਚ ਭਾਰਤ ਮਦਦਗਾਰ ਹੋ ਸਕਦਾ ਹੈ।