#EUROPE

ਯੂਕਰੇਨ ਜੰਗ ਬਾਰੇ ਭਾਰਤ, ਚੀਨ ਤੇ ਬ੍ਰਾਜ਼ੀਲ ਦੇ ਸੰਪਰਕ ਵਿਚ ਹਾਂ: ਪੂਤਿਨ

-ਰੂਸ ਵੱਲੋਂ ਯੂਕਰੇਨ ਨਾਲ ਵਾਰਤਾ ਸ਼ੁਰੂ ਹੋਣ ‘ਚ ਭਾਰਤ ਦੀ ਭੂਮਿਕਾ ਦੀ ਪੈਰਵੀ
ਮਾਸਕੋ, 6 ਸਤੰਬਰ (ਪੰਜਾਬ ਮੇਲ)- ਸਰਕਾਰੀ ਮਾਲਕੀ ਵਾਲੀ ਟੀ.ਏ.ਐੱਸ.ਐੱਸ. ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਤਿੰਨ ਮੁਲਕਾਂ ‘ਚ ਭਾਰਤ ਦਾ ਨਾਂ ਲਿਆ, ਜਿਨ੍ਹਾਂ ਨਾਲ ਉਹ ਯੂਕਰੇਨ ਜੰਗ ਦੇ ਮੁੱਦੇ ‘ਤੇ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਸੁਲਝਾਉਣ ਲਈ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹਨ। ਵਲਾਦਿਵੋਸਤੋਕ ‘ਚ ਈਸਟਰਨ ਇਕੋਨੌਮਿਕ ਫੋਰਮ (ਈ.ਈ.ਐੱਫ.) ਦੇ ਪੂਰਨ ਸੈਸ਼ਨ ‘ਚ ਉਨ੍ਹਾਂ ਦੀਆਂ ਟਿੱਪਣੀਆਂ ‘ਤੇ ਰਿਪੋਰਟ ਕਰਦਿਆਂ ਅਮਰੀਕੀ ਮੀਡੀਆ ਅਦਾਰੇ ਪੌਲਿਟਿਕੋ ਅਨੁਸਾਰ ਪੂਤਿਨ ਨੇ ਕਿਹਾ, ‘ਜੇ ਯੂਕਰੇਨ ਵਾਰਤਾ ਜਾਰੀ ਰੱਖਣ ਦੀ ਇੱਛਾ ਰੱਖਦਾ ਹੈ, ਤਾਂ ਮੈਂ ਅਜਿਹਾ ਕਰ ਸਕਦਾ ਹਾਂ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨ ਯਾਤਰਾ ਤੋਂ ਦੋ ਹਫ਼ਤਿਆਂ ਬਾਅਦ ਪੂਤਿਨ ਨੇ ਇਹ ਟਿੱਪਣੀ ਕੀਤੀ ਹੈ। ਰੂਸੀ ਖ਼ਬਰ ਏਜੰਸੀ ਅਨੁਸਾਰ ਪੂਤਿਨ ਨੇ ਕਿਹਾ, ‘ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਬਾਰੇ ਮੇਰਾ ਮੰਨਣਾ ਹੈ ਕਿ ਉਹ ਇਮਾਨਦਾਰੀ ਨਾਲ ਇਸ ਸੰਘਰਸ਼ ਨਾਲ ਜੁੜੇ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਹਨ। ਮੁੱਖ ਤੌਰ ‘ਤੇ ਚੀਨ, ਬ੍ਰਾਜ਼ੀਲ ਤੇ ਭਾਰਤ। ਮੈਂ ਇਸ ਮੁੱਦੇ ‘ਤੇ ਲਗਾਤਾਰ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿਚ ਰਹਿੰਦਾ ਹਾਂ।’ ਇਸੇ ਦੌਰਾਨ ਰੂਸੀ ਰਾਸ਼ਟਰਪਤੀ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਯੂਕਰੇਨ ਨਾਲ ਵਾਰਤਾ ਵਿਚ ਭਾਰਤ ਮਦਦ ਕਰ ਸਕਦਾ ਹੈ। ਮੋਦੀ ਤੇ ਪੂਤਿਨ ਵਿਚਾਲੇ ਮੌਜੂਦਾ ਮਜ਼ਬੂਤ ਦੋਸਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਇਸ ਜੰਗ ‘ਚ ਹਿੱਸਾ ਲੈਣ ਵਾਲਿਆਂ ਤੋਂ ਸਿੱਧੀ ਜਾਣਕਾਰੀ ਹਾਸਲ ਕਰਨ ਵਿਚ ਅਗਵਾਈ ਕਰ ਸਕਦੇ ਹਨ।