ਸੈਕਰਾਮੈਂਟੋ, 20 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਅਮਰੀਕੀ 21 ਸਾਲਾ ਦੀਪ ਅਲਪੇਸ਼ ਕੁਮਾਰ ਪਟੇਲ ਨੇ ਵਾਇਸਮੇਲ ਰਾਹੀਂ ਇਕ ਯਹੂਦੀ ਸੰਗਠਨ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਆਪਣਾ ਗੁਨਾਹ ਮੰਨ ਲਿਆ ਹੈ। ਯੂ.ਐੱਸ. ਅਟਾਰਨੀ ਰੋਜਰ ਬੀ ਹੈਂਡਬਰਗ ਨੇ ਕਿਹਾ ਹੈ ਕਿ ਜੇਕਰ ਅਦਾਲਤ ਉਸ ਨੂੰ ਦੋਸ਼ੀ ਕਰਾਰ ਦੇ ਦਿੰਦੀ ਹੈ, ਤਾਂ ਉਸ ਨੂੰ ਵਧ ਤੋਂ ਵਧ 5 ਸਾਲ ਜੇਲ੍ਹ ਹੋ ਸਕਦੀ ਹੈ। ਪਟੇਲ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕਰਕੇ ਉਸ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ। ਕਬੂਲਨਾਮੇ ਅਨੁਸਾਰ 21 ਅਕਤੂਬਰ ਨੂੰ ਪਟੇਲ ਨੇ ਵਰਲਡ ਜੈਵਿਸ਼ ਕਾਂਗਰਸ ਨਿਊਯਾਰਕ ਵਿਖੇ ਇਕ ਵਾਇਸਮੇਲ ਧਮਕੀ ਦਿੱਤੀ ਸੀ, ਜਿਸ ਵਿਚ ਉਸ ਨੇ ਆਪਣੀ ਪਛਾਣ ਵੀ ਦੱਸੀ ਸੀ। ਇਸ ਵਾਇਸਮੇਲ ਵਿਚ ਉਸ ਨੇ ਕਿਹਾ ਸੀ ”ਜੇਕਰ ਮੈਨੂੰ ਮੌਕਾ ਮਿਲੇ, ਤਾਂ ਮੈ ਹਰ ਇਜ਼ਰਾਈਲੀ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ।” ਜਦੋਂ 24 ਅਕਤੂਬਰ ਨੂੰ ਪੁਲਿਸ ਅਫਸਰ ਪਟੇਲ ਦੇ ਘਰ ਗਏ ਸਨ, ਤਾਂ ਉਸ ਨੇ ਵਰਲਡ ਜੈਵਿਸ਼ ਕਾਂਗਰਸ ਨੂੰ ਫੋਨ ਕਰਨਾ ਮੰਨਿਆ ਸੀ ਪਰੰਤੂ ਧਮਕੀ ਦੇਣ ਤੋਂ ਇਨਕਾਰ ਕੀਤਾ ਸੀ। ਪਟੇਲ ਨੂੰ ਸਜ਼ਾ ਸੁਣਾਉਣ ਬਾਰੇ ਤਰੀਕ ਅਜੇ ਨਿਸ਼ਚਿਤ ਨਹੀਂ ਹੋਈ, ਜਦਕਿ ਮਾਮਲੇ ਦੀ ਐੱਫ.ਬੀ.ਆਈ. ਦੀ ਜਾਇੰਟ ਟੈਰਰਿਜ਼ਮ ਟਾਸਕ ਫੋਰਸ ਤੇ ਫਲੋਰਿਡਾ ਡਿਪਾਰਟਮੈਂਟ ਆਫ ਲਾਅ ਇਨਫੋਰਸਮੈਂਟ ਜਾਂਚ ਕਰ ਰਿਹਾ ਹੈ।