#PUNJAB

“ਯਖ਼ ਰਾਤਾਂ ਪੋਹ ਦੀਆਂ.. ਇਤਿਹਾਸਕ ਕਾਵਿ ਸੰਗ੍ਰਹਿ ਲੋਕ ਅਰਪਣ

ਪਟਿਆਲਾ, 30 ਅਪਰੈਲ (ਪੰਜਾਬ ਮੇਲ) – ਚਿੰਤਨ ਮੰਚ ਪਟਿਆਲਾ ਵੱਲੋਂ ਇੰਜੀ. ਸਤਨਾਮ ਸਿੰਘ ਮੱਟੂ ਵੱਲੋਂ ਲਿਖੇ ਸ਼ਹੀਦੀ ਹਫ਼ਤੇ 6 ਤੋਂ 13 ਪੋਹ ਤੱਕ ਦੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਦਰਦਨਾਕ ਇਤਿਹਾਸਕ ਮੰਜ਼ਰ ਨੂੰ “ਯਖ਼ ਰਾਤਾਂ ਪੋਹ ਦੀਆਂ..”  ਕਾਵਿ ਸੰਗ੍ਰਹਿ ‘ਤੇ ਲੋਕ ਅਰਪਣ ਅਤੇ ਵਿਚਾਰ ਸਮਾਰੋਹ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਚ ਕਰਵਾਇਆ ਗਿਆ।ਜੇ ਪੀ ਪਬਲੀਕੇਸ਼ਨ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਚ ਸ਼੍ਰੋਮਣੀ ਕਵੀ ਅਤੇ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.),ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਡਾ.ਦਰਸਨ ਸਿੰਘ ਆਸ਼ਟ ਸ਼੍ਰੋਮਣੀ ਸਾਹਿਤਕਾਰ ਅਤੇ ਪ੍ਰਧਾਨ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨਗੀ ਹੇਠ ਡਾਕਟਰ ਮਨਜੀਤ ਸਿੰਘ ਬੱਲ ਸਾਹਿਤਕਾਰ ਅਤੇ ਪ੍ਰਿਸੀਪਲ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ, ਉੱਘੇ ਲੋਕ ਗਾਇਕ ਅਤੇ ਸ਼ਾਇਰ ਜਨਾਬ ਹਾਕਮ ਬਖਤੜੀਵਾਲਾ, ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ,ਐਮ ਐਸ ਟਿਵਾਣਾ ਸੁਪਰਡੈਂਟ ਜੇਲ ਪਟਿਆਲਾ, ਕੁਲਵੰਤ ਸਿੰਘ ਨਾਰੀਕੇ ਸੰਪਾਦਕ ਗੁਸੱਈਆਂ ਪ੍ਰਧਾਨਗੀ ਮੰਡਲ ਚ ਸ਼ਾਮਲ ਹੋਏ। ਸਵਾਗਤੀ ਭਾਸ਼ਣ ਤੋਂ ਬਾਅਦ ਸਟੇਜ ਸਕੱਤਰ ਡਾ.ਲਕਸਮੀ ਨਰਾਇਣ ਭੀਖੀ ਦੇ ਸੱਦੇ ਤੇ ਗਾਇਕ ਜੱਸ ਜਸਵਿੰਦਰ ਨੇ ਬੁਲੰਦ ਆਵਾਜ਼ ਚ “ਯਖ਼ ਰਾਤਾਂ ਪੋਹ ਦੀਆਂ” ਚੋਂ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਗੀਤ ਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਫਿਰ ਗਾਇਕ ਜੇ ਰਿਆਜ਼ ਨੇ ਆਪਣੀ ਸੁਰੀਲੀ ਆਵਾਜ਼ ਚ ਪੁਸਤਕ ਵਿੱਚੋਂ ਹੀ ‘ 6 ਪੋਹ ਦੀ ਚੰਦਰੀ ਰਾਤ ਕਾਲੀ’ ਗਾਕੇ ਪ੍ਰੋਗਰਾਮ ਚ ਹਾਜਰ ਰੂਹਾਂ ਨੂੰ ਉਸ ਦਰਦ ਮੰਜ਼ਰ ਕੋਲ ਦੇ ਗਿਆ।ਇਸ ਪੁਸਤਕ ਚੋਂ ਸ਼ਾਇਰ ਅੰਗਰੇਜ਼ ਵਿਰਕ ਨੇ ‘ਚਮਕੌਰ ਸਾਕਾ’,ਸਤੀਸ ਵਿਦਰੋਹੀ ਨੇ ‘ਸਰਹਿੰਦ ਸਾਕਾ’ ਕੁਲਵੰਤ ਸੈਦੋਕੇ ਨੇ ‘ਮਾਂ ਗੁਜਰੀ’ ਬੈਂਤ ਛੰਦ ਨੂੰ ਬੁਲੰਦ ਅਤੇ ਸੁਰੀਲੀ ਚ ਗਾਕੇ ਸਮਾਗਮ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਪੁਸਤਕ ਦੇ ਲੇਖਕ ਸਤਨਾਮ ਸਿੰਘ ਮੱਟੂ ਨੇ ਇਸੇ ਪੁਸਤਕ ਚੋਂ ਕੁਝ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ।
ਵਿਚਾਰ ਚਰਚਾ ਸੈਸ਼ਨ ਚ ਸ੍ਰੀ ਕ੍ਰਿਸ਼ਨ ਕੁਮਾਰ ਕਾਕੜਾ ਨੇ ਕਵਿਤਾਵਾਂ, ਗੀਤਾਂ ਚ ਲਿਖੇ ਧਾਰਮਿਕ ਇਤਿਹਾਸ ਨੂੰ ਮੀਲ ਪੱਥਰ ਪ੍ਰਾਪਤੀ ਦੱਸਿਆ। ਉਹਨਾਂ ਕਿਹਾ ਕਿ ਇੰਜੀਨੀਅਰਿੰਗ ਅਤੇ ਸਾਇੰਸ ਦੀ ਪੜਾਈ ਕਰਕੇ ਇੰਜਨੀਅਰ ਪ੍ਰੋਫੈਸ਼ਨਲ ਸ਼ਖਸ ਦੀ ਸਾਹਿਤਕ ਪ੍ਰਤੀਬੱਧ ਪਕੜ ਇੱਕ ਕੁਦਰਤੀ ਦਾਤ ਹੈ। ਉਹਨਾਂ ਹਫ਼ਤੇ ਦੇ ਪ੍ਰਤੀ ਦਿਨ ਨੂੰ ਕਾਵਿਕ ਰੂਪ ‘ਚ ਬਿਆਨਣ ਢੰਗ ਨੂੰ ਅਤੇ ਗੀਤਾਂ ਲਈ ਸਿਰਜੇ ਮਹੌਲ ਦੀ ਸ਼ਾਲਾਘਾ ਕੀਤੀ। ਬਲਵਿੰਦਰ ਸਿੰਘ ਭੱਟੀ ਨੇ ਕੁਝ ਇਤਿਹਾਸਕ ਨੁਕਤਿਆਂ ਅਤੇ ਤੱਥਾਂ ਨੂੰ ਉਠਾਇਆ ਅਤੇ ਭਵਿੱਖ ਚ ਵਿਚਾਰਨ ਦੀ ਸਲਾਹ ਦਿੱਤੀ ।ਡਾ.ਕੰਵਰ ਜਸਵਿੰਦਰਪਾਲ ਸਿੰਘ ਨੇ ਕਾਵਿ ਰੂਪ ਚ ਧਾਰਮਿਕ ਭਾਵਨਾਵਾਂ ਦੇ ਵਿਅੱਕਤ ਕਰਨ ਸ਼ੈਲੀ ਦੀ ਸਰਾਹਣਾ ਕੀਤੀ।ਡਾ.ਸੰਤੋਖ ਸੁੱਖੀ ਨੇ ਰਾਜਨੀਤਿਕ ਪੱਖੀ ਸਿਰਜਣਾਤਮਕ ਰੁਚੀਆਂ ਨੂੰ ਕਾਵਿ ਚ ਸ਼ਾਮਲ ਕਰਨ ਦੀ ਸਲਾਹ ਦਿੱਤੀ। ਕੁਲਵੰਤ ਸਿੰਘ ਨਾਰੀਕੇ ਨੇ ਲੇਖਕ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸਾਹਿਤਕ ਖੇਤਰ ਆਉਣ ਦਾ ਸਵਾਗਤ ਕੀਤਾ।ਲੋਕ ਗਾਇਕ ਜੱਸੀ ਜਸਪਾਲ ਅਤੇ ਮਿਊਜ਼ਿਕ ਡਾਇਰੈਕਟਰ ਤੋਚੀ ਬਾਈ ਨੇ ਪੁਸਤਕ ਵਿਚਲੇ ਗੀਤਾਂ ਦੀ ਸ਼ਬਦਾਵਲੀ ਦੀ ਤਾਰੀਫ਼ ਕਰਦਿਆਂ ਜਲਦੀ ਹੀ ਗੀਤ ਰਿਕਾਰਡ ਕਰਕੇ ਸਰੋਤਿਆਂ ਤੱਕ ਪਹੁੰਚਾਉਣ ਦੀ ਜਗਿਆਸਾ ਜ਼ਾਹਿਰ ਕੀਤੀ।ਡਾ.ਅਰਵਿੰਦਰ ਕੌਰ ਕਾਕੜਾ ਨੇ ਸਾਹਿਤਕ ਰੰਗ ਚ ਰੰਗੇ ਖੂਨੀ ਇਤਿਹਾਸ ਦੇ ਵਰਕਿਆਂ ਦੀ ਪੁਸਤਕ ਸਿਰਜਣਾ ‘ਤੇ ਲੇਖਕ ਨੂੰ ਵਧਾਈ ਦਿੱਤੀ।
ਡਾ.ਦਰਸਨ ਸਿੰਘ ਆਸ਼ਟ ਨੇ ਪੁਸਤਕ ਤੇ ਚਰਚਾ ਕਰਦਿਆਂ ਕਲਮ ਦੀ ਤਾਕਤ ਅਤੇ ਤਿਆਗ ਦੀ ਭਾਵਨਾ ਨੂੰ ਲੇਖਕ ਫਿਰਦੌਸੀ ਦੀ ਉਦਾਹਰਣ ਨਾਲ ਤਸਬੀਹ ਦਿੱਤੀ। ਉਹਨਾਂ ਗੀਤਾਂ ਕਵਿਤਾਵਾਂ ਵਿੱਚ ਵਰਤੇ ਬਿੰਬ, ਸ਼ਬਦਾਂ ਦੇ ਦੁਹਰਾਅ, ਸੀਨ ਮਿੱਥਾਂ ਅਤੇ ਗੀਤਾਂ ਦੀ ਸੁਰ, ਲੈਅ ਅਤੇ ਵਹਾਅ ਦੀ ਦਾਦ ਦਿੱਤੀ। ਉਹਨਾਂ ਕਿਹਾ ਕਿ ਇਤਿਹਾਸ ਦਾ ਕਾਵਿ ਰੂਪਾਂਤਰ ਬਹੁਤ ਹੀ ਮੁਸ਼ਕਲਾਂ ਅਤੇ ਚੁਣੌਤੀਆਂ ਭਰਪੂਰ ਕਾਰਜ ਹੈ,ਪਰ ਇੰਜੀ ਮੱਟੂ ਨੇ ਇਹਨਾਂ ਚੋਂ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਹੈ।
ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਵੀ ਲੇਖਕ ਦੀ ਸਾਹਿਤ ਨੂੰ ਦੇਣ ਇਸ ਪੁਸਤਕ ਤੇ ਵਧਾਈ ਦਿੱਤੀ।
 ਪੰਜਾਬੀ ਲੋਕ ਗਾਇਕ ਅਤੇ ਸ਼ਾਇਰ ਜਨਾਬ ਹਾਕਮ ਬਖਤੜੀਵਾਲਾ ਨੇ ਚਰਚਾ ਕਰਦਿਆਂ ਕਿਹਾ ਕਿ ਬੜੇ ਕਮਾਲ ਦਾ ਕਵੀ ਹੈ-ਸਤਨਾਮ ਸਿੰਘ ਮੱਟੂ।ਉਹ ਗੀਤ ਲਿਖੇ,ਕਵਿਤਾ ਜਾਂ ਕੋਈ ਲੇਖ , ਫੈਸਲਾ ਕਰਨਾ ਔਖਾ ਹੁੰਦੈ ਕਿ ਇਸਦੀ ਪਕੜ ਕਿਸ ਵਿਧਾ ਤੇ ਜਿਆਦਾ ਮਜ਼ਬੂਤ ਹੈ, ਹਰ ਵਿਸੇ ਨੂੰ ਇਨਸਾਫ਼ ਦੀ ਤੱਕੜੀ ਚ ਤੋਲਦਾ ਹੈ, ਮੈਂ ਅਸ਼ਕੇ ਇਸਦੀ ਵਿਲੱਖਣਤਾ ਤੇ।ਡਾ.ਮਨਜੀਤ ਸਿੰਘ ਬੱਲ ਨੇ ਇੰਜੀ.ਮੱਟੂ ਦੀ ਸ਼ਖ਼ਸੀਅਤ ਦੀ ਕਹਿਣੀ ਅਤੇ ਕਰਨੀ ਨੂੰ ਇੱਕ ਦੱਸਿਆ। ਉਹਨਾਂ ਕਿਹਾ ਸਾਹਿਤਕ ਖੇਤਰ ਚ ਧਾਰਮਿਕ, ਪਰ ਇਤਿਹਾਸ ਤੱਥਾਂ ਆਧਾਰਿਤ ਸਿੱਖ ਇਤਿਹਾਸ ਦੀਆਂ ਦਰਦਨਾਕ ਘਟਨਾਵਾਂ ਦੇ ਮੰਜ਼ਰ ਨੂੰ ਗੀਤਾਂ ਚ ਲਿਖਕੇ ਸਾਹਿਤ ਨੂੰ ਇਕ ਦਸਤਾਵੇਜ਼ੀ ਦੇਣ ਦਿੱਤੀ ਹੈ।ਮੁੱਖ ਮਹਿਮਾਨ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਇਸ ਇਤਿਹਾਸਕ ਦਸਤਾਵੇਜ਼ ਨੂੰ ਪੜਨ ਅਤੇ ਸਾਹਿਤ ਰੂਪ ਚ ਵਿਚਾਰਨ ਦੇ ਪੱਖ ਤੇ ਜ਼ੋਰ ਦਿੱਤਾ।ਇਹ ਸਾਹਿਤਕ ਹਲਕਿਆਂ ਚ ਪਹਿਲਾਂ ਸਾਹਿਤਕ ਕਾਵਿ ਰੂਪ ਹੈ, ਇਤਿਹਾਸਕ ਦਸਤਾਵੇਜ਼ ਬਾਅਦ ਵਿੱਚ।ਲੇਖਕ ਦੀ ਭਾਵਨਾ, ਸ਼ਰਧਾ, ਦਿਆਨਤਦਾਰੀ ਨੂੰ ਦਿਲੋਂ ਵਡਿਆਉਣਾ ਬਣਦਾ ਹੈ।ਉਹਨਾਂ ਸਤਨਾਮ ਸਿੰਘ ਮੱਟੂ ਦੀ ਸਾਹਿਤਕ ਖੇਤਰ ਚ ਆਮਦ ਨੂੰ ਜੀ ਆਇਆਂ ਕਿਹਾ।ਇਸ ਸਮਾਗਮ ਚ ਲੇਖਕ ਦੀ ਜੀਵਣ ਸਾਥਣ ਬਲਜਿੰਦਰ ਕੌਰ ਨੇ ਵੀ ਲੇਖਕ ਨੂੰ ਵਧਾਈ ਦਿੱਤੀ।ਮੋਗਾ ਤੋਂ ਸਮਾਰੋਹ ਚ ਉਚੇਚੇ ਤੌਰ ਤੇ ਪਹੁੰਚੇ ਸ਼ਾਇਰ ਬੂਟਾ ਗੁਲਾਮੀ ਵਾਲਾ ਨੇ ‘ਬਿਰਧ ਆਸ਼ਰਮ ‘ ਕਵਿਤਾ ਨਾਲ ਮਾਤਾ ਪਿਤਾ ਨੂੰ ਸੰਭਾਲਣ ਦੀ ਸਲਾਹ ਦਿੱਤੀ।ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਸਮੇਂ ਲੇਖਕ ਦੇ ਮਾਤਾ ਬਲਵੀਰ ਕੌਰ, ਪਿਤਾ ਸੇਵਾ ਸਿੰਘ,ਬੇਟਾ ਅਰਸ਼ਵੀਰ ਸਿੰਘ,ਸਹੁਰਾ ਰਣਜੀਤ ਸਿੰਘ,ਭਰਾ ਪ੍ਰਗਟ ਸਿੰਘ ਉਚੇਚੇ ਤੌਰ ਤੇ ਹਾਜ਼ਰ ਰਹੇ ਅਤੇ ਪੁਸਤਕ ਰਿਲੀਜ਼ ਸਮੇਂ ਸਾਥ ਦਿੱਤਾ।ਇਸ ਮੌਕੇ ਸਾਹਿਤਕਾਰਾਂ , ਦੋਸਤਾਂ, ਰਿਸ਼ਤੇਦਾਰਾਂ ਤੋਂ ਇਲਾਵਾ ਗਾਇਕ ਮਾਣਕ ਅਲੀ, ਜਗਜੀਤ ਸਿੰਘ ਨੌਹਰਾ ਬੀਪੀਈਓ, ਹਰਮੇਸ਼ ਸਿੰਘ ਹਿਆਣਾ ਪ੍ਰਧਾਨ, ਦਵਿੰਦਰ ਪਟਿਆਲਵੀ ਸੰਪਾਦਕ ਛਿਣ, ਗੁਰਮੀਤ ਸਿੰਘ ਘਣਗਸ, ਅਮਰਜੀਤ ਸਿੰਘ ਐਸ ਡੀ ਓ , ਗੁਰਦਰਸ਼ਨ ਸਿੰਘ ਪ੍ਰਧਾਨ ਤ੍ਰਿਵੈਣੀ ਸਾਹਿਤ ਪ੍ਰੀਸ਼ਦ,ਜੱਸੀ ਧਰੌੜ ਸਾਹਨੇਵਾਲ, ਲੇਖਕ ਅਮਰ ਗਰਗ ਕਲਮਦਾਨ ਧੂਰੀ,ਪ੍ਰਦੀਪ ਸੱਭਰਵਾਲ,ਇੰਜੀ.ਗਗਨਦੀਪ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਚ ਹਾਜ਼ਰੀ ਲਗਵਾਈ।

Leave a comment