#INDIA

ਮੱਧ ਪ੍ਰਦੇਸ਼ ‘ਚ ਚੋਣਾਂ ਪੂਰੀ ਕਰਕੇ ਵਾਪਸ ਪਰਤ ਰਹੇ ਪੋਲਿੰਗ ਕਰਮੀਆਂ ਦੀ ਬੱਸ ਨੂੰ ਲੱਗੀ ਭਿਆਨਕ ਅੱਗ

-ਈ.ਵੀ.ਐੱਮ. ਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਵੀ ਸਨ ਨਾਲ
ਬੈਤੁਲ, 8 ਮਈ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਬੈਤੁਲ ‘ਚ ਪੋਲਿੰਗ ਕਰਮਚਾਰੀਆਂ ਨੂੰ ਵਾਪਸ ਲਿਆਉਣ ਵਾਲੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਵੋਟਿੰਗ ਸਮੱਗਰੀ (ਈ.ਵੀ.ਐੱਮ. ਅਤੇ ਵੀ.ਵੀ.ਪੀ.ਏ.ਟੀ.) ਅਤੇ ਛੇ ਪੋਲਿੰਗ ਸਟੇਸ਼ਨਾਂ ਦੇ ਕਰਮਚਾਰੀਆਂ ਨੂੰ ਲੈ ਕੇ ਬੈਤੂਲ ਜ਼ਿਲ੍ਹਾ ਹੈੱਡਕੁਆਰਟਰ ਆ ਰਹੀ ਸੀ, ਜਦੋਂ ਇਹ ਘਟਨਾ ਵਾਪਰੀ। ਹਾਦਸੇ ‘ਚ ਸਾਰੇ ਪੋਲਿੰਗ ਕਰਮਚਾਰੀ ਸੁਰੱਖਿਅਤ ਹਨ। ਵੋਟਿੰਗ ਸਮੱਗਰੀ ਨੂੰ ਲੈ ਕੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਡਰਾਈਵਰ ਨੇ ਬਲਦੀ ਬੱਸ ਤੋਂ ਛਾਲ ਮਾਰ ਦਿੱਤੀ। ਚੋਣਾਂ ਪੂਰੀ ਕਰਕੇ ਵਾਪਸ ਪਰਤ ਰਹੇ ਪੋਲਿੰਗ ਮੁਲਾਜ਼ਮਾਂ ਨੇ ਵੀ ਸੜੀ ਹੋਈ ਬੱਸ ਤੋਂ ਛਾਲ ਮਾਰ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਇਹ ਹਾਦਸਾ ਸਈਂਖੇੜਾ ਥਾਣਾ ਖੇਤਰ ਦੇ ਪਿੰਡ ਬਿਸਨੂਰ ਅਤੇ ਪੌਨੀ ਗੌਲਾ ਵਿਚਕਾਰ ਹੋਇਆ, ਜਿਸ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੈਤੁਲ, ਮੁਲਤਾਈ ਅਤੇ ਅਠਨੇਰ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਫਾਈਟਰਜ਼ ਨੇ ਬੱਸ ਦੀ ਅੱਗ ਬੁਝਾਈ ਅਤੇ ਅੰਦਰ ਰੱਖੀ ਵੋਟਿੰਗ ਸਮੱਗਰੀ ਨੂੰ ਬਾਹਰ ਕੱਢ ਲਿਆ। ਪੋਲਿੰਗ ਕਰਮੀਆਂ ਅਤੇ ਈ.ਵੀ.ਐੱਮ.-ਵੀ.ਵੀ.ਪੀ.ਏ.ਟੀ. ਮਸ਼ੀਨਾਂ ਨੂੰ ਲਿਆਉਣ ਲਈ ਇੱਕ ਹੋਰ ਬੱਸ ਦਾ ਪ੍ਰਬੰਧ ਕੀਤਾ ਗਿਆ। ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੇ ਤਹਿਤ, 7 ਮਈ ਨੂੰ ਮੱਧ ਪ੍ਰਦੇਸ਼ ਦੀਆਂ 9 ਸੀਟਾਂ – ਮੁਰੈਨਾ, ਭਿੰਡ (ਐੱਸ.ਸੀ.-ਰਾਖਵੇਂ), ਗਵਾਲੀਅਰ, ਗੁਨਾ, ਸਾਗਰ, ਵਿਦਿਸ਼ਾ, ਭੋਪਾਲ, ਰਾਜਗੜ੍ਹ ਅਤੇ ਬੈਤੂਲ (ਐੱਸ.ਟੀ.-ਰਾਖਵੇਂ) ‘ਤੇ ਵੋਟਿੰਗ ਹੋਈ।
ਚੋਣ ਕਮਿਸ਼ਨ ਅਨੁਸਾਰ ਸ਼ਾਮ 6 ਵਜੇ ਤੱਕ ਰਾਜ ਵਿਚ 66.12 ਫੀਸਦੀ ਵੋਟਿੰਗ ਦਰਜ ਕੀਤੀ ਗਈ ਅਤੇ ਕਿਧਰੋਂ ਵੀ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਚੋਣ ਕਮਿਸ਼ਨ ਅੰਤਿਮ ਵੋਟ ਪ੍ਰਤੀਸ਼ਤਤਾ ਜਾਰੀ ਕਰੇਗਾ। ਇਸ ਗੇੜ ਵਿਚ ਕੁੱਲ 127 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚ ਰਾਜ ਦੇ ਦੋ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਭਾਜਪਾ) ਅਤੇ ਦਿਗਵਿਜੇ ਸਿੰਘ (ਕਾਂਗਰਸ), ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਸ਼ਾਮਲ ਹਨ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਇਨ੍ਹਾਂ ਸੀਟਾਂ ‘ਤੇ 66.63 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸੂਬੇ ਦੀਆਂ ਕੁੱਲ 29 ਸੀਟਾਂ ‘ਚੋਂ 12 ਸੀਟਾਂ ‘ਤੇ 19 ਅਤੇ 26 ਅਪ੍ਰੈਲ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਈ, ਤੀਜੇ ਪੜਾਅ ‘ਚ 9 ਸੀਟਾਂ ‘ਤੇ 7 ਮਈ ਨੂੰ ਅਤੇ ਚੌਥੇ ਪੜਾਅ ‘ਚ ਬਾਕੀ 8 ਸੀਟਾਂ ‘ਤੇ 13 ਮਈ ਨੂੰ ਵੋਟਿੰਗ ਹੋਵੇਗੀ।