-ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਵੱਖ-ਵੱਖ ਏਅਰਲਾਈਨਜ਼ ਦੀਆਂ ਉਡਾਣਾਂ ‘ਤੇ ਅਸਰ ਪਿਆ
ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਚੱਲ ਰਹੇ ਤਣਾਅ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੇਂਦਰ ਸਰਕਾਰ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੇ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤੀ ਕੰਪਨੀਆਂ ਦੀਆਂ 278 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਕੁਝ ਇਲਾਕਿਆਂ ਵਿਚ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਏਅਰਲਾਈਨਜ਼ ਅੱਜ ਮੱਧ ਪੂਰਬ ਲਈ 96 ਉਡਾਣਾਂ ਦਾ ਸੰਚਾਲਨ ਕਰਨਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਤਣਾਅ ਕਾਰਨ ਕਈ ਖੇਤਰਾਂ ਵਿਚ ਉਡਾਣਾਂ ‘ਤੇ ਪਾਬੰਦੀਆਂ ਲਾਈਆਂ ਗਈਆਂ ਹਨ।
ਅਧਿਕਾਰੀਆਂ ਅਨੁਸਾਰ ਭਾਰਤ ਦੇ ਮੁੱਖ ਹਵਾਈ ਅੱਡਿਆਂ ਮੁੰਬਈ, ਦਿੱਲੀ, ਬੰਗਲੁਰੂ ਅਤੇ ਕੋਲਕਾਤਾ ਵਿਚ ਜ਼ਿਆਦਾਤਰ ਉਡਾਣਾਂ ਰੱਦ ਹੋਈਆਂ। ਮੁੰਬਈ ਹਵਾਈ ਅੱਡੇ ‘ਤੇ ਸਭ ਤੋਂ ਵੱਧ 73 ਉਡਾਣਾਂ ਰੱਦ ਹੋਈਆਂ ਹਨ, ਜਦਕਿ ਬੰਗਲੁਰੂ ਵਿਚ 33, ਦਿੱਲੀ ਵਿਚ 29 ਅਤੇ ਕੋਲਕਾਤਾ ਵਿਚ 7 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਕਈ ਮੁਸਾਫਰ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ, ਜਿਨ੍ਹਾਂ ਨੂੰ ਮੰਜ਼ਿਲਾਂ ‘ਤੇ ਪਹੁੰਚਾਉਣ ਲਈ ਏਅਰਲਾਈਨਜ਼ ਕੋਸ਼ਿਸ਼ਾਂ ਕਰ ਰਹੀਆਂ ਹਨ।
ਇਸ ਸੰਕਟ ਦੀ ਘੜੀ ਅਕਾਸਾ ਏਅਰ ਨੇ ਮੁੰਬਈ-ਜੇਦਾਹ ਰੂਟ ‘ਤੇ ਉਡਾਣਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਪਾਈਸਜੈੱਟ ਨੇ ਯੂ.ਏ.ਈ. ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 14 ਵਿਸ਼ੇਸ਼ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਸਾਊਦੀ ਅਰਬ ਅਤੇ ਓਮਾਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਮੰਨਦੇ ਹੋਏ ਜੇਦਾਹ ਅਤੇ ਮਸਕਟ ਲਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਪਰ ਮੱਧ ਪੂਰਬ ਦੇ ਹੋਰਨਾਂ ਹਿੱਸਿਆਂ ਲਈ ਸਾਰੀਆਂ ਉਡਾਣਾਂ 10 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਮੁਸਾਫਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਉਡਾਣ ਦੀ ਤਾਜ਼ਾ ਜਾਣਕਾਰੀ ਲਈ ਏਅਰਲਾਈਨਜ਼ ਨਾਲ ਲਗਾਤਾਰ ਸੰਪਰਕ ਵਿਚ ਰਹਿਣ।
ਮੱਧ ਪੂਰਬ ‘ਚ ਚੱਲ ਰਹੇ ਤਣਾਅ ਕਾਰਨ ਭਾਰਤੀ ਏਅਰਲਾਈਨਜ਼ ਦੀਆਂ 278 ਕੌਮਾਂਤਰੀ ਉਡਾਣਾਂ ਰੱਦ

