ਨਵੀਂ ਦਿੱਲੀ, 21 ਜੂਨ (ਪੰਜਾਬ ਮੇਲ)- ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਮੱਕਾ ਦੀ ਸਾਲਾਨਾ ਹੱਜ ਯਾਤਰਾ ਦੌਰਾਨ ਇਸ ਸਾਲ ਭਾਰਤ ਦੇ 98 ਹਾਜੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਪਿਛਲੇ ਸਾਲ ਪੂਰੀ ਹੱਜ ਯਾਤਰਾ ਦੌਰਾਨ ਕੁੱਲ 187 ਮੌਤਾਂ ਹੋਈਆਂ ਸਨ। ਉਨ੍ਹਾਂ ਕਿਹਾ, ”ਇਸ ਸਾਲ 1,75,000 ਭਾਰਤੀ ਹੱਜ ਲਈ ਮੱਕਾ ਗਏ ਹਨ। 9 ਮਈ ਤੋਂ 22 ਜੁਲਾਈ ਤੱਕ ਹੋ ਰਹੀ ਹੱਜ ਯਾਤਰਾ ਦੌਰਾਨ ਇਸ ਸਾਲ ਹੁਣ ਤੱਕ 98 ਮੌਤਾਂ ਹੋਣ ਦੀ ਸੂਚਨਾ ਹੈ।” ਜੈਸਵਾਲ ਨੇ ਮੀਡੀਆ ਨਾਲ ਹਫ਼ਤਾਵਾਰੀ ਗੱਲਬਾਤ ਦੌਰਾਨ ਕਿਹਾ, ”ਮੌਤਾਂ ਕੁਦਰਤੀ ਕਾਰਨਾਂ, ਪੁਰਾਣੀਆਂ ਬਿਮਾਰੀਆਂ ਅਤੇ ਬੁਢਾਪੇ ਦੇ ਮੱਦੇਨਜ਼ਰ ਹੋਈਆਂ ਹਨ। ਅਰਾਫਾਤ ਵਾਲੇ ਦਿਨ ਛੇ ਮੌਤਾਂ ਹੋਈਆਂ ਸਨ, ਜਦੋਂਕਿ ਚਾਰ ਮੌਤਾਂ ਹਾਦਸਿਆਂ ਨਾਲ ਸਬੰਧਤ ਹਨ।” ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੱਜ ਦੌਰਾਨ ਭਾਰਤੀਆਂ ਦੀਆਂ ਮੌਤਾਂ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।