ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਪੰਜਾਬ ਵਿਚ ਜਿੱਥੇ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਮੌਸਮ ਵਿਭਾਗ ਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ 8 ਅਤੇ 9 ਦਸੰਬਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਦਾ ਆਖਣਾ ਹੈ ਕਿ ਇਸ ਦੌਰਾਨ ਕੁਝ ਇਲਾਕਿਆਂ ‘ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਕ ਨਵਾਂ ਪੱਛਮੀ ਵਿਕਾਰ 8 ਦਸੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ। ਇਸ ਨਾਲ ਠੰਡ ਹੋਰ ਜ਼ੋਰ ਫੜੇਗੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ‘ਚ 8 ਅਤੇ 9 ਦਸੰਬਰ ਦੀ ਰਾਤ ਅਤੇ ਸਵੇਰ ਨੂੰ ਕੁਝ ਥਾਵਾਂ ‘ਤੇ ਅਤੇ ਚੰਡੀਗੜ੍ਹ ਵਿਚ 9 ਦਸੰਬਰ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ-ਚੰਡੀਗੜ੍ਹ ‘ਚ ਪਿਛਲੇ ਤਿੰਨ ਦਿਨਾਂ ‘ਚ ਤਾਪਮਾਨ ‘ਚ ਕਰੀਬ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ‘ਚ ਇਹ ਬਦਲਾਅ ਪਿਛਲੇ ਕੁਝ ਦਿਨਾਂ ‘ਚ ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਤੋਂ ਬਾਅਦ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦਾ ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ ‘ਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਪੰਜਾਬ-ਚੰਡੀਗੜ੍ਹ ‘ਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ।
ਦੂਜੇ ਪਾਸੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਵਿਚਾਲੇ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ। ਅਕਸਰ ਵੇਖਣ ‘ਚ ਆਇਆ ਹੈ ਕਿ ਸੰਘਣੀ ਧੁੰਦ ਕਾਰਣ ਹਾਈਵੇਅ ‘ਤੇ ਹਾਦਸੇ ਵਾਪਰਦੇ ਹਨ, ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਕਈ ਗੱਡੀਆਂ ਆਪਸ ‘ਚ ਟਕਰਾਅ ਜਾਂਦੀ ਹਨ, ਇਸ ਨਾਲ ਨਾ ਸਿਰਫ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਲਿਹਾਜ਼ਾ ਧੁੰਦ ਕਾਰਣ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ।