#PUNJAB

ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

ਚੰਡੀਗੜ੍ਹ, 2 ਜੁਲਾਈ (ਪੰਜਾਬ ਮੇਲ)-  ਮਾਨਸੂਨ ਪੰਜਾਬ ਪਹੁੰਚ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ, ਇਹ ਆਉਣ ਵਾਲੇ 3 ਦਿਨਾਂ ਵਿਚ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਸਭ ਦੇ ਦਰਮਿਆਨ ਪੰਜਾਬ ਦਾ ਤਾਪਮਾਨ ਤਾਂ ਆਮ ਹੋ ਗਿਆ ਹੈ ਪਰ ਨਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਪੰਜਾਬ ਦੇ ਮਾਝਾ ਅਤੇ ਦੁਆਬੇ ਤੋਂ ਬਾਅਦ 1 ਜੁਲਾਈ ਨੂੰ ਮਾਲਵਾ ਵਿਚ ਵੀ ਮਾਨਸੂਨ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮਾਨਸੂਨ ਨੇ ਪੂਰੇ ਚੰਡੀਗੜ੍ਹ ਨੂੰ ਕਵਰ ਕਰ ਲਿਆ ਹੈ। ਇਸ ਤੋਂ ਬਾਅਦ ਮਾਨਸੂਨ ਲੁਧਿਆਣਾ ਅਤੇ ਰਾਜਪੁਰਾ ਵਿਚ ਵੀ ਪਹੁੰਚ ਗਿਆ ਹੈ। ਭਾਵੇਂ ਮਾਨਸੂਨ ਨੂੰ ਪੰਜਾਬ ਵਿਚ ਦਾਖ਼ਲ ਹੋਏ ਕਈ ਦਿਨ ਹੋ ਗਏ ਹਨ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਅਜੇ ਤੱਕ ਮੀਂਹ ਨਹੀਂ ਪਿਆ। ਪਿਛਲੇ ਕੁਝ ਦਿਨਾਂ ਵਿਚ ਲੁਧਿਆਣਾ ਅਤੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਲਗਭਗ 47 ਮਿ.ਮੀ. ਬਾਰਿਸ਼ ਹੋਈ। ਜਦਕਿ ਜ਼ਿਆਦਾਤਰ ਜ਼ਿਲ੍ਹੇ ਮੀਂਹ ਲਈ ਤਰਸ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿਚ ਤਾਪਮਾਨ ਆਮ ਹੋ ਗਿਆ ਹੈ ਪਰ ਲੋਕ ਹੁੰਮਸ ਤੋਂ ਪ੍ਰੇਸ਼ਾਨ ਹੋ ਰਹੇ ਹਨ।