#AMERICA

ਮੋਦੀ ਨੂੰ ਜਵਾਬੀ ਟੈਕਸਾਂ ਦੇ ਮੁੱਦੇ ‘ਤੇ ਟਰੰਪ ਵੱਲੋਂ ਕੋਰਾ ਜਵਾਬ

* ਭਾਰਤ ਨੂੰ ਜਵਾਬੀ ਟੈਕਸ ਤੋਂ ਨਹੀਂ ਮਿਲੇਗੀ ਛੋਟ
ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)-  ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਕਸਾਂ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਟੈਕਸਾਂ ਦੇ ਮੁੱਦੇ ‘ਤੇ ਕੋਈ ਵੀ ਉਨ੍ਹਾਂ ਨਾਲ ਬਹਿਸ ਨਹੀਂ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ‘ਫੌਕਸ ਨਿਊਜ਼’ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ। ਫੌਕਸ ਨਿਊਜ਼ ਨੇ ਰਾਸ਼ਟਰਪਤੀ ਟਰੰਪ ਅਤੇ ਅਰਬਪਤੀ ਐਲਨ ਮਸਕ ਨਾਲ ਕੀਤਾ ਗਿਆ ਸਾਂਝਾ ਇੰਟਰਵਿਊ ਮੰਗਲਵਾਰ ਰਾਤ ਪ੍ਰਸਾਰਿਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ।
ਇੰਟਰਵਿਊ ਦੌਰਾਨ ਟਰੰਪ ਨੇ ਅਮਰੀਕਾ ਅਤੇ ਭਾਰਤ ਸਮੇਤ ਹੋਰ ਭਾਈਵਾਲਾਂ ਵਿਚਕਾਰ ਮੌਜੂਦਾ ਟੈਕਸ ਬਣਤਰਾਂ ‘ਤੇ ਆਪਣਾ ਰੁਖ਼ ਦੁਹਰਾਇਆ। ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, ”ਪ੍ਰਧਾਨ ਮੰਤਰੀ ਮੋਦੀ ਜਦੋਂ ਇਥੇ ਸਨ, ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਬਰਾਬਰੀ ਦਾ ਜਵਾਬੀ ਟੈਕਸ ਲਗਾਉਣ ਜਾ ਰਹੇ ਹਾਂ। ਤੁਸੀਂ ਜੋ ਵੀ ਟੈਕਸ ਵਸੂਲੋਗੇ, ਅਸੀਂ ਵੀ ਓਨਾ ਹੀ ਟੈਕਸ ਲਾਵਾਂਗੇ। ਮੈਂ ਹਰ ਮੁਲਕ ਨਾਲ ਇੰਜ ਹੀ ਕਰ ਰਿਹਾ ਹਾਂ।” ਅਮਰੀਕਾ ਤੋਂ ਬਰਾਮਦ ‘ਤੇ ਭਾਰਤ ਬਹੁਤ ਜ਼ਿਆਦਾ ਟੈਕਸ ਲਗਾਉਂਦਾ ਹੈ, ਜਿਵੇਂ ਆਟੋਮੋਬਾਈਲ ਸੈਕਟਰ ‘ਚ ਭਾਰਤ 100 ਫ਼ੀਸਦੀ ਟੈਕਸ ਲਗਾਉਂਦਾ ਹੈ। ਇੰਟਰਵਿਊ ਦੌਰਾਨ ਮਸਕ ਨੇ ਕਿਹਾ, ”ਆਟੋ ਬਰਾਮਦ ‘ਤੇ 100 ਫ਼ੀਸਦੀ ਟੈਕਸ ਹੈ। ਇਹ ਬਹੁਤ ਜ਼ਿਆਦਾ ਹੈ ਅਤੇ ਕੁਝ ਹੋਰ ਵਸਤਾਂ ‘ਤੇ ਵੀ ਇੰਜ ਹੀ ਹੈ। ਮੈਂ ਆਖਿਆ ਕਿ ਅਸੀਂ ਜਵਾਬੀ ਟੈਕਸ ਲਗਾਉਣ ਜਾ ਰਹੇ ਹਾਂ। ਜੋ ਤੁਸੀਂ ਵਸੂਲੋਗੇ, ਮੈਂ ਵੀ ਓਨਾ ਹੀ ਟੈਕਸ ਲਗਾਵਾਂਗਾ।”
ਟਰੰਪ ਨੇ ਕਿਹਾ ਕਿ ਉਨ੍ਹਾਂ ਨਾਲ ਕੋਈ ਵੀ ਬਹਿਸ ਨਹੀਂ ਕਰ ਸਕਦਾ ਹੈ ਕਿਉਂਕਿ ਜੇ ਅਸੀਂ 25 ਫ਼ੀਸਦੀ ਟੈਕਸ ਲਾਵਾਂਗੇ ਤਾਂ ਉਹ ਆਖਦੇ ਨੇ ਇਹ ਬਹੁਤ ਖ਼ਤਰਨਾਕ ਹੈ ਪਰ ਮੈਂ ਹੁਣ ਇਹ ਨਹੀਂ ਆਖਦਾ ਹਾਂ ਅਤੇ ਅਸੀਂ ਜਵਾਬੀ ਟੈਕਸ ਲਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਉਹ ਇੰਜ ਹੀ ਰੁਕਣਗੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਭਾਰਤ ਨੂੰ ‘ਟੈਰਿਫ਼ ਕਿੰਗ’ ਆਖਿਆ ਸੀ ਅਤੇ ਮਈ 2019 ‘ਚ ਉਨ੍ਹਾਂ ਭਾਰਤ ਦੀ ਤਰਜੀਹੀ ਮਾਰਕੀਟ ਪਹੁੰਚ ਨੂੰ ਰੱਦ ਕਰ ਦਿੱਤਾ ਸੀ। ਇੰਟਰਵਿਊ ਦੌਰਾਨ ਮਸਕ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਸਮੇਤ ਦੋ ਪੁਲਾੜ ਯਾਤਰੀਆਂ ਨੂੰ ਜਾਣ ਬੁੱਝ ਕੇ ਸਿਆਸੀ ਉਦੇਸ਼ ਲਈ ਬਾਇਡਨ ਪ੍ਰਸ਼ਾਸਨ ਨੇ ਉਥੇ ਫਸਾ ਕੇ ਰੱਖਿਆ ਹੋਇਆ ਹੈ। ਮਸਕ ਦੇ ਸਪੇਸਐਕਸ ਵੱਲੋਂ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਧਰਤੀ ‘ਤੇ ਲਿਆਉਣ ਲਈ ਛੇਤੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।