#INDIA

ਦਿੱਲੀ ’ਚ ਮੋਦੀ ਦੇ ਹਲਫ਼ਦਾਰੀ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)-  ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ਲਈ ਨਵੀਂ ਦਿੱਲੀ ਦੇ ਕਈ ਹਿੱਸਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਸ਼ਟਰਪਤੀ ਭਵਨ ਦੁਆਲੇ ਨੀਮ ਫੌਜੀ ਬਲਾਂ ਦੀਆਂ ਪੰਜ ਕੰਪਨੀਆਂ, ਐੱਨਐੱਸਜੀ ਕਮਾਂਡੋਜ਼ ਤੇ ਸਨਾਈਪਰਜ਼ ਦੀ ਤਾਇਨਾਤੀ ਦੇ ਨਾਲ ਬਹੁਪਰਤੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਸੁਰੱਖਿਆ ਨਿਗਰਾਨੀ ਲਈ ਡਰੋਨ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘‘2500 ਤੋਂ ਵੱਧ ਸੁਰੱਖਿਆ ਕਰਮੀ, ਜਿਨ੍ਹਾਂ ਵਿਚ ਨੀਮ ਫੌਜੀ ਬਲਾਂ ਦੀਆਂ ਪੰਜ ਕੰਪਨੀਆਂ ਤੇ ਦਿੱਲੀ ਹਥਿਆਰਬੰਦ ਪੁਲੀਸ (ਡੀਏਪੀ) ਦੇ ਜਵਾਨ ਵੀ ਸ਼ਾਮਲ ਹਨ, ਰਾਸ਼ਟਰਪਤੀ ਭਵਨ ’ਚ ਹਲਫ਼ਦਾਰੀ ਸਮਾਗਮ ਵਾਲੀ ਥਾਂ ਤਾਇਨਾਤ ਹਨ।’’ ਅਧਿਕਾਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਹਾਈ ਅਲਰਟ ’ਤੇ ਰਹੇਗੀ ਕਿਉਂਕਿ ਸਾਰਕ ਮੁਲਕਾਂ ਦੇ ਪਤਵੰਤਿਆਂ ਨੂੰ ਹਲਫ਼ਦਾਰੀ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵਜ਼, ਨੇਪਾਲ, ਭੂਟਾਨ, ਮੌਰੀਸ਼ਸ ਤੇ ਸੈਸ਼ਲਜ਼ ਦੇ ਸਿਖਰਲੇ ਆਗੂ ਜਿਨ੍ਹਾਂ ਨੂੰ ਲੀਲਾ, ਤਾਜ, ਆਈਟੀਸੀ ਮੌਰਿਆ ਤੇ ਓਬਰਾਏ ਜਿਹੇ ਹੋਟਲਾਂ ਵਿਚ ਠਹਿਰਾਇਆ ਗਿਆ ਹੈ, ਵਿਚ ਵੀ ਵੱਡੀ ਗਿਣਤੀ ਸੁਰੱਖਿਆ ਅਮਲਾ ਤਾਇਨਾਤ ਹੈ।