ਤਹਿਰਾਨ, 4 ਮਾਰਚ (ਪੰਜਾਬ ਮੇਲ)- ਇਰਾਨ ਵਿਚ ਜਾਰੀ ਭਾਰੀ ਸਿਆਸੀ ਉਥਲ-ਪੁਥਲ ਅਤੇ ਅਮਰੀਕਾ-ਇਜ਼ਰਾਈਲ ਨਾਲ ਵਧਦੇ ਤਣਾਅ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸਰਵਉੱਚ ਨੇਤਾ (ਸੁਪਰੀਮ ਲੀਡਰ) ਚੁਣ ਲਿਆ ਗਿਆ ਹੈ। ਦੇਸ਼ ਦੀ ਪ੍ਰਭਾਵਸ਼ਾਲੀ ਸੰਸਥਾ ‘ਅਸੈਂਬਲੀ ਆਫ਼ ਐਕਸਪਰਟਸ’, ਜਿਸ ਵਿਚ 88 ਸੀਨੀਅਰ ਮੌਲਵੀ ਸ਼ਾਮਲ ਹਨ, ਨੇ 56 ਸਾਲਾ ਮੋਜਤਬਾ ਦੇ ਨਾਂਅ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹਾਲਾਂਕਿ, ਇਰਾਨੀ ਸਰਕਾਰ ਵੱਲੋਂ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਕੀਤਾ ਜਾਣਾ ਬਾਕੀ ਹੈ।
ਸੂਤਰਾਂ ਅਨੁਸਾਰ, ਇਸ ਚੋਣ ਪ੍ਰਕਿਰਿਆ ਵਿਚ ਇਰਾਨ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਸੰਸਥਾ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਨੇ ਕੇਂਦਰੀ ਭੂਮਿਕਾ ਨਿਭਾਈ ਹੈ। ਜੰਗ ਅਤੇ ਸੰਕਟ ਦੀ ਸਥਿਤੀ ਨੂੰ ਦੇਖਦੇ ਹੋਏ ਫੌਜ ਅਤੇ ਆਈ.ਆਰ.ਜੀ.ਸੀ. ਨੇ ਮੋਜਤਬਾ ਨੂੰ ਸਭ ਤੋਂ ਸੁਰੱਖਿਅਤ ਅਤੇ ਢੁੱਕਵਾਂ ਬਦਲ ਮੰਨਿਆ ਹੈ। ਜ਼ਿਕਰਯੋਗ ਹੈ ਕਿ ਇਰਾਨੀ ਵਿਵਸਥਾ ਵਿਚ ਸੁਪਰੀਮ ਲੀਡਰ ਹੀ ਫੌਜ ਦਾ ਕਮਾਂਡਰ-ਇਨ-ਚੀਫ ਹੁੰਦਾ ਹੈ ਅਤੇ ਸਾਰੇ ਰਣਨੀਤਕ ਫੈਸਲਿਆਂ ਵਿਚ ਉਸਦਾ ਫੈਸਲਾ ਹੀ ਅੰਤਿਮ ਹੁੰਦਾ ਹੈ।
ਮੋਜਤਬਾ ਦੀ ਨਿਯੁਕਤੀ ਨਾਲ ਇਰਾਨ ਵਿਚ ਇੱਕ ਨਵੀਂ ਬਹਿਸ ਛਿੜ ਗਈ ਹੈ। 1979 ਦੀ ਇਸਲਾਮੀ ਕ੍ਰਾਂਤੀ ਰਾਜਸ਼ਾਹੀ ਦੇ ਵਿਰੁੱਧ ਹੋਈ ਸੀ, ਅਜਿਹੇ ਵਿਚ ਪਿਤਾ ਤੋਂ ਬਾਅਦ ਪੁੱਤਰ ਨੂੰ ਸੱਤਾ ਸੌਂਪਣਾ ‘ਵੰਸ਼ਵਾਦ’ ਦੇ ਦੋਸ਼ਾਂ ਨੂੰ ਜਨਮ ਦੇ ਰਿਹਾ ਹੈ, ਜੋ ਕਿ ਇਸਲਾਮੀ ਗਣਰਾਜ ਦੇ ਵਿਚਾਰਧਾਰਕ ਸਿਧਾਂਤਾਂ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੋਜਤਬਾ ਨੂੰ ਇਕ ਮੱਧ-ਪੱਧਰੀ ਮੌਲਵੀ ਮੰਨਿਆ ਜਾਂਦਾ ਹੈ, ਜਦਕਿ ਰਵਾਇਤੀ ਨਿਯਮਾਂ ਅਨੁਸਾਰ ਇਸ ਅਹੁਦੇ ਲਈ ਉੱਚ ਧਾਰਮਿਕ ਦਰਜਾ ਹੋਣਾ ਲਾਜ਼ਮੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਮੋਜਤਬਾ ਦਾ ਸੁਪਰੀਮ ਲੀਡਰ ਬਣਨਾ ਇਹ ਸੰਕੇਤ ਦਿੰਦਾ ਹੈ ਕਿ ਇਰਾਨ ਆਪਣੀਆਂ ਮੌਜੂਦਾ ਨੀਤੀਆਂ ਵਿਚ ਕੋਈ ਵੱਡਾ ਬਦਲਾਅ ਨਹੀਂ ਕਰੇਗਾ। ਇਰਾਨ ਇਸ ਸਮੇਂ ਇਜ਼ਰਾਈਲ ਅਤੇ ਅਮਰੀਕਾ ਨਾਲ ਜੰਗ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਸਮੇਂ ਵਿਚ ਇਹ ਲੀਡਰਸ਼ਿਪ ਤਬਦੀਲੀ ਖੇਤਰੀ ਸਿਆਸਤ ‘ਤੇ ਡੂੰਘਾ ਅਸਰ ਪਾ ਸਕਦੀ ਹੈ।
ਮੋਜਤਬਾ ਖ਼ਾਮੇਨੇਈ ਨੂੰ ਇਰਾਨ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ!

