– ਹਾਕਮ ਧਿਰ ਵੱਲੋਂ ਆਪਣਾ ਮੇਅਰ ਬਣਾਉਣ ਲਈ ਰਸਤਾ ਸਾਫ
ਮੋਗਾ, 4 ਜੁਲਾਈ (ਪੰਜਾਬ ਮੇਲ)- ਇਥੇ ਨਗਰ ਨਿਗਮ ‘ਚ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰਵਾਉਣ ਦੀ ਅਗਨੀ ਪ੍ਰੀਖਿਆ ਵਿਚ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਸਫ਼ਲ ਰਹੀ। ਹੁਣ ਹਾਕਮ ਧਿਰ ਵੱਲੋਂ ਆਪਣੇ ਕੌਂਸਲਰ ਨੂੰ ਮੇਅਰ ਬਣਾਉਣ ਲਈ ਰਸਤਾ ਸਾਫ਼ ਹੋ ਗਏ। ਇਥੇ ਕੌਂਸਲਰਾਂ ਵੱਲੋਂ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਪੇਸ਼ ਕੀਤੇ ਬੇਭਰੋਸਗੀ ਮਤੇ ਉੱਤੇ ਬਹਿਸ ਦੌਰਾਨ ਨੀਤਿਕਾ ਭੱਲਾ ਨੂੰ 7 ਕੌਂਸਲਰਾਂ ਦਾ ਸਮਰਨਥ ਹੀ ਮਿਲ ਸਕਿਆ। ਕੁੱਲ 50 ਕੌਂਸਲਰਾਂ ਵਿਚੋਂ ਦੋ ਕੌਂਸਲਰ ਵਿਚੋਂ ਇੱਕ ਵਿਦੇਸ਼ ਵਿਚ ਹੈ ਅਤੇ ਦੂਜਾ ਕੌਂਸਲਰ ਗੈਰ ਹਾਜ਼ਰ ਰਿਹਾ। ਇਸ ਮੌਕੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਪ੍ਰਕਿਰਿਆ ਦੌਰਾਨ ਆਮ ਲੋਕਾਂ ਦਾ ਨਿਗਮ ਅੰਦਰ ਦਾਖ਼ਲਾ ਬੰਦ ਰਿਹਾ। ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਤੇ ਵਿੱਤ ਕਮੇਟੀ ਖ਼ਿਲਾਫ਼ ਪੇਸ਼ ਬੇਭਰੋਸਗੀ ਮਤਾ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਹੋ ਗਿਆ। ਇਸ ਮੌਕੇ ਮੇਅਰ ਦੇ ਅਹੁਦੇ ਤੋਂ ਫ਼ਾਰਗ ਹੋਣ ਬਾਅਦ ਨੀਤਿਕਾ ਭੱਲਾ ਨੇ ਸਾਰੇ ਸ਼ਹਿਰ ਵਾਸੀਆਂ, ਕੌਂਸਲਰਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਧੰਨਵਾਦ ਕਰਦੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣਾ ਕਰੀਬ ਸਵਾ ਦੋ ਸਾਲ ਕਾਰਜਕਾਲ ਇਮਾਨਦਾਰੀ ਨਾਲ ਨਿਭਾਇਆ ਹੈ। ਹਾਕਮ ਧਿਰ ਆਪਣੇ ਸਮਰਥਕ ਕੌਂਸਲਰਾਂ ਨੂੰ 3 ਦਿਨ ਪਹਿਲਾਂ ਹੀ ਬੱਸ ਰਾਹੀਂ ਹਿਮਾਚਲ ਪ੍ਰਦੇਸ਼ ਦੀ ਸੈਰ ਲਈ ਲੈ ਗਈ ਸੀ। ਇਹ ਬੱਸ ਸਿੱਧੀ ਨਗਰ ਨਿਗਮ ਦਫ਼ਤਰ ਵਿਚ ਪੁੱਜੀ। ਇਥੇ ਨਗਰ ਨਿਗਮ ‘ਚ ਕੌਂਸਲਰਾਂ ਦੀ ਦਲ-ਬਦਲੀ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦੋ ਵਰ੍ਹੇ ਪਹਿਲਾਂ ਅਪ੍ਰੈਲ 2021 ਵਿਚ ਹੋਈਆਂ ਨਿਗਮ ਚੋਣਾਂ ਵਿਚ ਹਾਕਮ ਧਿਰ ਹਾਰ ਗਈ ਸੀ। ਕੁੱਲ 50 ਵਿਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ‘ਆਪ’ ਦੇ 4, ਭਾਜਪਾ ਦਾ ਇਕ ਅਤੇ ਆਜ਼ਾਦ 10 ਉਮੀਦਵਾਰ ਜਿੱਤੇ ਸਨ। ਇੱਕ ਆਮ ਆਦਮੀ ਪਾਰਟੀ ਆਗੂ ਨੇ ਕਿਹਾ ਕਿ ਪਾਰਟੀ ਟਿਕਟ ‘ਤੇ ਜਿੱਤੇ ਕੌਂਸਲਰਾਂ ਵਿਚ ਅਕਾਲੀ ਪਿਛੋਕੜ ਵਾਲੇ ਕੌਂਸਲਰ ਨੂੰ ਮੇਅਰ ਬਣਾਉਣ ‘ਤੇ ਇਤਰਾਜ਼ ਹੈ ਅਤੇ ਭਵਿੱਖ ਵਿਚ ਇਹ ਪਾਰਟੀ ਲਈ ਘਾਤਕ ਵੀ ਹੀ ਸਕਦਾ ਹੈ। ਹਾਲ ਹੀ ਵਿਚ ਇਸ ਕੌਂਸਲਰ ਨੇ ਮੇਅਰ ਦੀ ਕੁਰਸੀ ਦੇ ਲਾਲਚ ਵਿਚ ਪਾਰਟੀ ਦਾ ਪੱਲਾ ਗਲ ਪੁਆਇਆ ਹੈ। ਇਹ ਕੌਂਸਲਰ ਅਮੀਰ ਹੋਣ ਕਰਕੇ ਪਾਰਟੀ ਆਗੂ ਵੀ ਉਸ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਮੇਅਰ ਵੀ ਪਾਰਟੀ ਚੋਣ ਨਿਸ਼ਾਨ ਉੱਤੇ ਜਿੱਤੇ ਕੌਂਸਲਰਾਂ ਨੂੰ ਬਣਾਉਣਾ ਪਾਰਟੀ ਹਿੱਤ ਵਿਚ ਹੋਵੇਗਾ।