#AMERICA

ਮੈਸੇਚਿਉਸੇਟਸ ਵਿਚ ਭਾਰਤੀ ਮੂਲ ਦੇ ਜੋੜੇ ਅਤੇ ਉਸ ਦੀ ਅੱਲੜ ਧੀ ਦੀਆਂ ਲਾਸ਼ਾਂ ਘਰ ’ਚੋਂ ਮਿਲੀਆਂ

ਨਿਊਯਾਰਕ, 30 ਦਸੰਬਰ (ਪੰਜਾਬ ਮੇਲ)-  ਅਮਰੀਕਾ ਦੇ ਮੈਸੇਚਿਉਸੇਟਸ ਵਿਚ ਭਾਰਤੀ ਮੂਲ ਦੇ ਜੋੜੇ ਅਤੇ ਉਸ ਦੀ ਅੱਲੜ ਧੀ ਦੀਆਂ ਲਾਸ਼ਾਂ ਆਪਣੇ ਆਲੀਸ਼ਾਨ ਘਰ ਵਿਚੋਂ ਮਿਲੀਆਂ ਹਨ। ਇਹ ਘਰ ਕਰੀਬ 50 ਲੱਖ ਡਾਲਰ ਦਾ ਹੈ। ਇਹ ਮਾਮਲਾ ਸਿੱਧੇ ਤੌਰ ‘ਤੇ ਘਰੇਲੂ ਹਿੰਸਾ ਨਾਲ ਜੁੜਿਆ ਜਾਪਦਾ ਹੈ। ਰਾਕੇਸ਼ ਕਮਲ (57), ਉਨ੍ਹਾਂ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ ਧੀ ਅਰਿਆਨਾ (18) ਦੀਆਂ ਲਾਸ਼ਾਂ ਸ਼ਾਮ ਕਰੀਬ 7.30 ਵਜੇ ਡੋਵਰ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀਆਂ। ਟੀਨਾ ਅਤੇ ਉਸ ਦਾ ਪਤੀ ਪਹਿਲਾਂ ਐਜੂਨੋਵਾ ਨਾਮ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਂਦੇ ਸਨ ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਸੀ। ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ‘ਘਰੇਲੂ ਹਿੰਸਾ’ ਦੱਸਿਆ ਅਤੇ ਕਿਹਾ ਕਿ ਕਮਲ ਦੀ ਲਾਸ਼ ਨੇੜੇ ਬੰਦੂਕ ਮਿਲੀ ਹੈ। ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਅਤੇ ਕਿਸ ਨੇ ਕੀਤੀ ਸੀ। ਜੋੜਾ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਜੋੜੇ ਦੀ ਕੰਪਨੀ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਇਹ ਦਸੰਬਰ 2021 ਵਿੱਚ ਬੰਦ ਹੋ ਗਈ। ਐਜੂਨੋਵਾ ਦੀ ਵੈੱਬਸਾਈਟ ‘ਤੇ ਟੀਨਾ ਕਮਲ ਨੂੰ ਕੰਪਨੀ ਦੀ ਮੁੱਖ ਸੰਚਾਲਨ ਅਧਿਕਾਰੀ ਦੱਸਿਆ ਗਿਆ ਹੈ। ਇਸ ਵਿੱਚ ਉਸ ਨੂੰ ਹਾਰਵਰਡ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਦੱਸਿਆ ਗਿਆ ਸੀ।