-ਨਾਲ ਲੱਗਦੇ ਕਈ ਘਰਾਂ ਨੂੰ ਪੁੱਜਾ ਨੁਕਸਾਨ
ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ (ਹਰਫੋਰਡ ਕਾਊਂਟੀ) ਰਾਜ ਦੇ ਇਕ ਘਰ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਿਸ ਘਰ ਵਿਚ ਧਮਾਕਾ ਹੋਇਆ, ਉਹ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਗਿਆ, ਜਦਕਿ ਨਾਲ ਲੱਗਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਲਟੀਮੋਰ ਦੇ ਉੱਤਰ ਪੂਰਬ ਵਿਚ ਵਾਪਰੀ। ਜਾਰੀ ਇਕ ਬਿਆਨ ਵਿਚ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁਰੂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 2 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ ਪਰੰਤੂ ਬਾਅਦ ਵਿਚ ਮਲਬੇ ਹੇਠੋਂ ਇਕ ਹੋਰ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ। ਮੈਰੀਲੈਂਡ ਸਟੇਟ ਫਾਇਰ ਮਾਰਸ਼ਲ ਦੇ ਦਫਤਰ ਦੇ ਅਧਿਕਾਰੀ ਉਲੀਵਰ ਅਲਕਾਇਰ ਨੇ ਕਿਹਾ ਹੈ ਕਿ ਸ਼ੁਰੂ ਵਿਚ ਸਵੇਰੇ 6.42 ਵਜੇ ਅੱਗ ਬੁਝਾਊ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੈਲ ਏਅਰ ਖੇਤਰ ਵਿਚ ਆਰਥਰਜ ਵੁੱਡਜ ਡਰਾਈਵ ‘ਤੇ ਇਕ ਘਰ ਵਿਚ ਗੈਸ ਰਿਸ ਰਹੀ ਹੈ। ਜਦੋਂ ਅੱਗ ਬੁਝਾਊ ਅਮਲਾ ਮੌਕੇ ‘ਤੇ ਜਾ ਰਿਹਾ ਸੀ, ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੈਸ ਰਿਸਣ ਉਪਰੰਤ ਘਰ ਵਿਚ ਜ਼ਬਰਦਸਤ ਧਮਾਕਾ ਹੋਇਆ ਹੈ। ਅਲਕਾਇਰ ਅਨੁਸਾਰ ਧਮਾਕੇ ਕਾਰਨ ਨਾਲ ਲੱਗਦੇ ਘੱਟੋ-ਘੱਟ 12 ਪਰਿਵਾਰ ਉਜੜ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਘਰ ਵਿਚ ਧਮਾਕਾ ਹੋਇਆ, ਤਾਂ ਉਥੇ ਬਾਲਟੀਮੋਰ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਠੇਕਾ ਵਰਕਰ ਪਹਿਲਾਂ ਤੋਂ ਹੀ ਮੌਜੂਦ ਸਨ, ਜੋ ਉਥੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਗਏ ਸਨ। ਇਕ ਠੇਕਾ ਵਰਕਰ ਵੀ ਜ਼ਖਮੀ ਹੋਇਆ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਜਿਸ ਘਰ ਵਿਚ ਧਮਾਕਾ ਹੋਇਆ ਹੈ, ਉਹ ਵਿਕਰੀ ਲਈ ਲਾਇਆ ਹੋਇਆ ਸੀ ਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਹੈ ਜਾਂ ਇਹ ਅਚਨਚੇਤ ਵਾਪਰੀ ਘਟਨਾ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਇਕ ਮ੍ਰਿਤਕ ਦੀ ਪਛਾਣ 73 ਸਾਲਾ ਘਰ ਦੇ ਮਾਲਕ ਵਜੋਂ ਹੋਈ ਹੈ।