#AMERICA

ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ 8 ਲੋਕਾਂ ਦੀ ਹੋਈ ਮੌਤ

ਨਿਊਯਾਰਕ, 2 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀਆਂ ਵਾਂਗ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਚੀਨੀ ਲੋਕਾਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਵਿਚ ਕਾਫ਼ੀ ਵਧੀ ਹੈ। ਹੁਣ ਅੱਠ ਚੀਨੀ ਨਾਗਰਿਕ ਇੱਕ ਕਿਸ਼ਤੀ ਵਿਚ ਮੈਕਸੀਕੋ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ ਪਰ ਮੈਕਸੀਕੋ ਦੇ ਓਕਸਾਕਾ ਰਾਜ ਵਿਚ ਉਨ੍ਹਾਂ ਦੀ ਕਿਸ਼ਤੀ ਡੁੱਬਣ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਲਈ ਉਸੇ ਰਸਤੇ ਤੋਂ ਮਿਲੀਆਂ ਸਨ। ਇਸ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਸੱਤ ਔਰਤਾਂ ਅਤੇ ਇੱਕ ਮਰਦ ਸ਼ਾਮਲ ਸਨ, ਜੋ ਗੁਆਟੇਮਾਲਾ ਦੀ ਸਰਹੱਦ ਨੇੜੇ ਚਿਆਪਾਸ ਰਾਜ ਤੋਂ ਨਿਕਲਣ ਵਾਲੀ ਮੈਕਸੀਕਨ ਦੁਆਰਾ ਸੰਚਾਲਿਤ ਕਿਸ਼ਤੀ ਵਿਚ ਸਵਾਰ ਸਨ। ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ‘ਚ ਡਰਾਈਵਰ ਸਮੇਤ ਕੁੱਲ 10 ਲੋਕ ਸਵਾਰ ਸਨ। ਜਿਸ ‘ਚ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ ਪਰ ਕਿਸ਼ਤੀ ਚਾਲਕ ਨਾਲ ਕੀ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਮੈਕਸੀਕਨ ਰਾਜ ਓਆਕਸਾਕਾ ਦੇ ਸਰਕਾਰੀ ਵਕੀਲ ਦੇ ਦਫਤਰ ਦੇ ਅਨੁਸਾਰ, ਸਾਰੇ ਚੀਨੀ ਨਾਗਰਿਕਾਂ ਦੀਆਂ ਲਾਸ਼ਾਂ ਬੀਚ ਟਾਊਨ ਪਲੇਆ ਵਿਸੇਂਟੇ ਦੇ ਤੱਟ ਤੋਂ ਮਿਲੀਆਂ ਹਨ। ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲੈ ਕੇ ਜਾ ਰਹੀ ਕਿਸ਼ਤੀ ਦੇ ਡੁੱਬਣ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਇਲਾਵਾ ਇਸ ਘਟਨਾ ‘ਚ ਮਰਨ ਵਾਲੇ ਚੀਨੀ ਨਾਗਰਿਕਾਂ ਦੀ ਪਛਾਣ ਕਰਨ ਲਈ ਮੈਕਸੀਕੋ ਸਥਿਤ ਚੀਨੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਗਿਆ ਹੈ। ਗੁਜਰਾਤੀ ਅਤੇ ਪੰਜਾਬੀ ਲੋਕ ਸਿੱਧੇ ਮੈਕਸੀਕੋ ਜਾਂ ਇਸ ਦੇ ਆਸ-ਪਾਸ ਦੇ ਦੇਸ਼ਾਂ ਵਿਚ ਪਹੁੰਚ ਕੇ ਬਾਈ ਰੋਡ ਬਾਰਡਰ ‘ਤੇ ਪਹੁੰਚ ਜਾਂਦੇ ਹਨ, ਇਸ ਦੇ ਉਲਟ ਬਹੁਤ ਸਾਰੇ ਚੀਨੀ ਲੋਕ ਗੁਆਟੇਮਾਲਾ ਬਾਰਡਰ ਤੋਂ ਕਿਸ਼ਤੀ ਲੈ ਕੇ ਚਿਆਪਾਸ ਤੋਂ ਓਕਸਾਕਾ ਜਾਂਦੇ ਹਨ ਅਤੇ ਉਥੋਂ ਕਈ ਚੀਨੀ ਵੀ ਕਿਸ਼ਤੀ ਰਾਹੀਂ ਅਮਰੀਕਾ ਦੇ ਕੈਲੀਫੋਰਨੀਆ ਵਿਖੇ ਪਹੁੰਚ ਜਾਂਦੇ ਹਨ। ਇਹ ਰਸਤਾ ਸੜਕ ਨਾਲੋਂ ਮੁਕਾਬਲਤਨ ਬਹੁਤ ਛੋਟਾ ਹੈ, ਪਰ ਇਸ ਨੂੰ ਬਹੁਤ ਖਤਰਨਾਕ ਵੀ ਮੰਨਿਆ ਜਾਂਦਾ ਹੈ। ਇਸ ਦੇ ਲਈ ਘੰਟਿਆਂ ਬੱਧੀ ਛੋਟੀਆਂ ਕਿਸ਼ਤੀਆਂ ਵਿਚ ਸਵਾਰੀ ਕਰਨੀ ਪੈਂਦੀ ਹੈ ਅਤੇ ਬਹੁਤੀ ਵਾਰ ਅਜਿਹੀਆਂ ਕਿਸ਼ਤੀਆਂ ਵਿਚ ਸਮਰੱਥਾ ਤੋਂ ਵੱਧ ਲੋਕ ਲੱਦਦੇ ਹਨ। ਬਹੁਤੀ ਵਾਰ ਅਜਿਹੀਆਂ ਕਿਸ਼ਤੀਆਂ ਰਾਤ ਦੇ ਹਨੇਰੇ ਵਿਚ ਅਮਰੀਕਾ ਲਈ ਰਵਾਨਾ ਹੁੰਦੀਆਂ ਹਨ।
ਪਿਛਲੇ ਸਾਲ ਹੀ ਲਗਭਗ 37,000 ਚੀਨੀ ਨਾਗਰਿਕਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੇ ਮੁਕਾਬਲੇ ਇਹ ਗਿਣਤੀ ਬਹੁਤ ਘੱਟ ਹੈ, ਪਰ ਮੈਕਸੀਕੋ ਸਰਹੱਦ ‘ਤੇ ਫੜੇ ਗਏ ਚੀਨੀ ਲੋਕਾਂ ਦੀ ਗਿਣਤੀ ਵਧ ਰਹੀ ਹੈ। ਚੀਨ ਛੱਡ ਕੇ ਅਮਰੀਕਾ ਆਉਣ ਵਾਲੇ ਲੋਕ ਇਹ ਦਾਅਵਾ ਕਰਦੇ ਹੋਏ ਆਤਮ ਸਮਰਪਣ ਦੀ ਮੰਗ ਕਰ ਰਹੇ ਹਨ ਕਿ ਉਹ ਚੀਨ ਵਿਚ ਸੁਰੱਖਿਅਤ ਨਹੀਂ ਹਨ ਅਤੇ ਸਰਕਾਰ ਉਨ੍ਹਾਂ ਨੂੰ ਲੋਹੇ ਦੇ ਪੰਜੇ ਹੇਠ ਦੱਬ ਰਹੀ ਹੈ। ਹਾਲਾਂਕਿ, ਜੇਕਰ ਕਿਸੇ ਚੀਨੀ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ‘ਤੇ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਚੀਨ ਨਹੀਂ ਭੇਜਿਆ ਜਾ ਸਕਦਾ, ਕਿਉਂਕਿ ਚੀਨੀ ਸਰਕਾਰ ਅਜਿਹੇ ਨਾਗਰਿਕਾਂ ਨੂੰ ਸਵੀਕਾਰ ਨਹੀਂ ਕਰਦੀ ਹੈ ਅਤੇ ਅਜਿਹੇ ਮਾਮਲਿਆਂ ਵਿਚ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਬਾਅਦ ਵੀ ਚੀਨੀ ਲੋਕ ਅਮਰੀਕਾ ਵਿਚ ਹੀ ਰਹਿੰਦੇ ਹਨ।