#AMERICA

ਮੈਂ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ‘ਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿੱਤਾ: ਬਾਇਡਨ

-ਦੇਸ਼ ਵਾਸੀਆਂ ਨੂੰ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਅਪੀਲ
ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ਵਿਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ। ਡੋਨਲਡ ਟਰੰਪ (78) ਵੱਲੋਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕੀਤੇ ਜਾਣ ਤੋਂ ਇਕ ਦਿਨ ਬਾਅਦ ਬਾਇਡਨ ਨੇ ਦੋਸ਼ ਵਾਸੀਆਂ ਨੂੰ ਕੀਤੇ ਸੰਬੋਧਨ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਉਨ੍ਹਾਂ ਕਿਹਾ, ”ਮੇਰਾ ਮੰਨਣਾ ਹੈ ਕਿ ਤੁਸੀਂ ਭਾਵੇਂ ਕਿਸੇ ਨੂੰ ਵੀ ਵੋਟ ਦਿਓ, ਤੁਹਾਨੂੰ ਇਕ-ਦੂਜੇ ਨੂੰ ਵਿਰੋਧੀ ਦੇ ਰੂਪ ਵਿਚ ਨਹੀਂ, ਬਲਕਿ ਸਾਥੀ ਅਮਰੀਕੀ ਵਜੋਂ ਦੇਖਣਾ ਚਾਹੀਦਾ ਹੈ।” ਬਾਇਡਨ ਨੇ ਕਿਹਾ ਕਿ ਕਮਲਾ ਹੈਰਿਸ ਨੇ ਇਕ ਪ੍ਰੇਰਣਾਦਾਇਕ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਕਿਹਾ, ”ਅਸੀਂ ਜੋ ਹਾਸਲ ਕੀਤਾ ਹੈ, ਉਸ ਨੂੰ ਨਾ ਭੁੱਲੋ। ਅਸੀਂ ਅਮਰੀਕਾ ਨੂੰ ਦੁਨੀਆਂ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਛੱਡ ਕੇ ਸੱਤਾ ਤੋਂ ਜਾ ਰਹੇ ਹਾਂ।” ਬਾਇਡਨ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਵਿਚ ਕੀਤੀਆਂ ਹਨ, ਜਦੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਸਖ਼ਤ ਮੁਕਾਬਲੇ ਦੇ ਨਤੀਜੇ ਆਉਣ ਤੋਂ ਬਾਅਦ ਦੋ ਸਮੂਹਾਂ ਵਿਚ ਵੰਡਿਆ ਦਿਖ ਰਿਹਾ ਹੈ।