ਵਾਸ਼ਿੰਗਟਨ, 10 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਲਈ ਚੋਣ ਮੈਦਾਨ ‘ਚ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਗ੍ਰੈਂਡ ਪੇਰੈਂਟਸ ਡੇਅ ਦੇ ਮੌਕੇ ‘ਤੇ ਆਪਣੇ ਨਾਨਾ-ਨਾਨੀ ਨੂੰ ਯਾਦ ਕਰਦੇ ਹੋਏ ਐਕਸ ‘ਤੇ ਇਕ ਭਾਵੁਕ ਪੋਸਟ ਕੀਤੀ ਹੈ। ਪੋਸਟ ਵਿਚ ਕਮਲਾ ਨੇ ਆਪਣੇ ਨਾਨਾ-ਨਾਨੀ ਪੀ.ਵੀ. ਗੋਪਾਲਨ ਅਤੇ ਰਾਜਮ ਗੋਪਾਲਨ ਨੂੰ ਯਾਦ ਕਰਦਿਆਂ ਇੱਕ ਪੁਰਾਣੀ ਪਰਿਵਾਰਕ ਫੋਟੋ ਵੀ ਸਾਂਝੀ ਕੀਤੀ ਅਤੇ ਭਾਰਤ ਵਿਚ ਬਿਤਾਏ ਦਿਨਾਂ ਨੂੰ ਵੀ ਯਾਦ ਕੀਤਾ। ਕਮਲਾ ਹੈਰਿਸ ਨੇ ਪੋਸਟ ਕੀਤਾ ਹੈ ਕਿ ‘ਜਦੋਂ ਮੈਂ ਭਾਰਤ ‘ਚ ਆਪਣੇ ਨਾਨਾ-ਨਾਨੀ ਨੂੰ ਮਿਲਣ ਜਾਂਦੀ ਸੀ, ਤਾਂ ਮੇਰੇ ਨਾਨਾ ਜੀ ਮੈਨੂੰ ਸਵੇਰ ਦੀ ਸੈਰ ‘ਤੇ ਲੈ ਜਾਂਦੇ ਸਨ ਅਤੇ ਮੇਰੇ ਨਾਲ ਅਸਮਾਨਤਾ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਦੇ ਮਹੱਤਵ ‘ਤੇ ਚਰਚਾ ਕਰਦੇ ਸਨ। ਉਹ ਇੱਕ ਸੇਵਾਮੁਕਤ ਸਿਵਲ ਸੇਵਕ ਸੀ, ਜੋ ਭਾਰਤ ਦੀ ਆਜ਼ਾਦੀ ਅੰਦੋਲਨ ਦਾ ਵੀ ਹਿੱਸਾ ਸੀ।’ ਉਨ੍ਹਾਂ ਦੇ ਮਾਰਗ ‘ਤੇ ਚੱਲਦੇ ਬਿਹਤਰ ਭਵਿੱਖ ਲਈ ਕੰਮ ਕਰਨ ਦੀ ਵਚਨਬੱਧਤਾ ਅਜੇ ਵੀ ਮੇਰੇ ਅੰਦਰ ਜ਼ਿੰਦਾ ਹੈ। ਕਮਲਾ ਹੈਰਿਸ ਦੇ ਨਾਨਾ ਪੀ.ਵੀ. ਗੋਪਾਲਨ ਨੇ ਬਸਤੀਵਾਦੀ ਦੌਰ ਦੌਰਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਅਤੇ ਬ੍ਰਿਟਿਸ਼ ਪ੍ਰਸ਼ਾਸਨ ਦੋਵਾਂ ਲਈ ਕੰਮ ਕੀਤਾ। ਕੁਝ ਰਿਪੋਰਟਾਂ ਅਨੁਸਾਰ, ਗੋਪਾਲਨ ਨੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਤੋਂ ਸ਼ਰਨਾਰਥੀਆਂ ਨੂੰ ਭਾਰਤ ਲਿਆਉਣ ਵਿਚ ਵੀ ਮਦਦ ਕੀਤੀ ਸੀ। ਉਸ ਨੇ ਜ਼ੈਂਬੀਆ ਦੇ ਸਾਬਕਾ ਰਾਸ਼ਟਰਪਤੀ ਕੇਨੇਥ ਕੌਂਡਾ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ।