#PUNJAB

ਮੂਸੇਵਾਲਾ ਦੇ ਪਰਿਵਾਰਕ ਮੈਂਬਰ ਨੂੰ ਆਜ਼ਾਦ ਉਮੀਦਵਾਰ ਵਜੋਂ Election ਲੜਾਉਣ ਦੀ ਛਿੜੀ ਚਰਚਾ

-ਸ਼ੁਭਚਿੰਤਕਾਂ ਤੇ ਕਾਂਗਰਸੀ ਵਰਕਰਾਂ ਨੇ 28 ਨੂੰ ਸੱਦਿਆ ਇਕੱਠ
ਮਾਨਸਾ, 25 ਅਪ੍ਰੈਲ (ਪੰਜਾਬ ਮੇਲ)- ਬਠਿੰਡਾ ਲੋਕ ਸਭਾ ਹਲਕੇ ਤੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਲਈ ਇਲਾਕੇ ਦੇ ਸਰਪੰਚਾਂ ਸਣੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਬੁੱਧਵਾਰ ਨੂੰ ਆਰੰਭੀ ਮੁਹਿੰਮ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਪੰਜਾਬ ਵਿਚ ਨਵੀਂ ਰਾਜਸੀ ਜੰਗ ਦਾ ਆਗਾਜ਼ ਹੋਣ ਦੀ ਉਮੀਦ ਪੈਦਾ ਹੋ ਜਾਵੇਗੀ। ਬੁੱਧਵਾਰ ਨੂੰ ਸਾਰਾ ਦਿਨ ਮੂਸੇਵਾਲਾ ਦੀ ਹਵੇਲੀ ਪਿੰਡ ਮੂਸਾ ਵਿਖੇ ਸ਼ੁਭਚਿੰਤਕਾਂ ਸਣੇ ਇਲਾਕੇ ਦੇ ਮੋਹਤਬਰਾਂ ਅਤੇ ਇਨਸਾਫ਼ ਦੀ ਲੜਾਈ ਵਿਚ ਸ਼ਾਮਲ ਲੋਕਾਂ ਦੀਆਂ ਬਲਕੌਰ ਸਿੰਘ ਸਿੱਧੂ ਸਣੇ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ।
ਭਾਵੇਂ ਮੂਸੇਵਾਲਾ ਪਰਿਵਾਰ ਵੱਲੋਂ ਚੋਣ ਲੜਨ ਲਈ ਬੁੱਧਵਾਰ ਨੂੰ ਕੋਈ ਵੀ ਹਾਮੀ ਜਾਂ ਪੁਸ਼ਟੀ ਨਹੀਂ ਕੀਤੀ ਗਈ ਪਰ ਫਿਰ ਵੀ ਪਤਾ ਲੱਗਿਆ ਹੈ ਕਿ ਇਸ ਫੈਸਲੇ ਲਈ ਸ਼ੁਭਚਿੰਤਕਾਂ ਅਤੇ ਚੋਣ ਲੜਨ ਲਈ ਹੱਲਾਸ਼ੇਰੀ ਦੇਣ ਵਾਲਿਆਂ ਵੱਲੋਂ 28 ਅਪ੍ਰੈਲ ਨੂੰ ਪਿੰਡ ਮੂਸਾ ਦੀ ਹਵੇਲੀ ਵਿਚ ਵੱਡਾ ਇਕੱਠ ਰੱਖ ਲਿਆ ਹੈ, ਜਿਸ ਵਿਚ ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਸਿੱਧੂ, ਪਿੰਡ ਗੁੜਥੜੀ ਦੇ ਸਰਪੰਚ ਰਾਏ ਸਿੰਘ ਅਤੇ ਪਿੰਡ ਖੀਵਾ ਕਲਾਂ ਦੇ ਸਰਪੰਚ ਅਵਤਾਰ ਸਿੰਘ ਨੇ ਬਲਕੌਰ ਸਿੰਘ ਸਿੱਧੂ ਨੂੰ ਇਸ ਸਬੰਧੀ ਮਿਲਣ ਦੀ ਪੁਸ਼ਟੀ ਕੀਤੀ ਹੈ।