ਮਾਨਸਾ, 2 ਮਈ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮਾਨਸਾ ਦੀ ਸੈਸ਼ਨ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ 27 ਦੋਸ਼ੀਆਂ ‘ਤੇ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਸੁਣਵਾਈ 20 ਮਈ ਨੂੰ ਹੈ। ਪੰਜਾਬ ਪੁਲਿਸ ਨੇ ਇਸ ਕੇਸ ਵਿੱਚ ਕੁੱਲ 31 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸ।
ਸੁਣਵਾਈ ਦੌਰਾਨ ਮੁਲਜ਼ਮਾਂ ਨੂੰ ਵੀਸੀ ਰਾਹੀਂ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸੈਸ਼ਨ ਅਦਾਲਤ ਨੇ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਚਾਰ ਮੁਲਜ਼ਮਾਂ ਦੀ ਆਪਣੇ ਆਪ ਨੂੰ ਬੇਕਸੂਰ ਕਰਾਰ ਦਿੰਦਿਆਂ ਕੇਸ ਵਿੱਚੋਂ ਬਰੀ ਕੀਤੇ ਜਾਣ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ।
ਸਾਜ਼ਿਸ਼ਕਰਤਾ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਦੋਸ਼ੀਆਂ ਖਿਲਾਫ ਚਲਾਨ ਪੇਸ਼ ਕੀਤਾ ਗਿਆ, ਜਿਨ੍ਹਾਂ ‘ਚੋਂ ਸ਼ੂਟਰ ਜਗਰੂਪ ਸਿੰਘ ਰੂਪਾ, ਮਨਪ੍ਰੀਤ ਸਿੰਘ ਮਨੂੰ ਕੁੱਸਾ ਨੂੰ ਅੰਮ੍ਰਿਤਸਰ ‘ਚ ਪੁਲਿਸ ਨੇ ਐਨਕਾਊਂਟਰ ‘ਚ ਮਾਰ ਦਿੱਤਾ ਸੀ। ਜਦਕਿ ਮਨਮੋਹਣ ਸਿੰਘ ਮੋਹਣਾ, ਮਨਦੀਪ ਸਿੰਘ ਉਰਫ ਤੂਫਾਨ ਗੋਇੰਦਵਾਲ ਜੇਲ ‘ਚ ਗੈਂਗਸਟਰਾਂ ਦੀ ਲੜਾਈ ਦੌਰਾਨ ਮਾਰੇ ਗਏ ਸਨ। ਜਿਸ ਕਰਕੇ ਚਾਰਜਸ਼ੀਟ ਵਿੱਚ ਦਾਖਲ 31 ਦੋਸ਼ੀਆਂ ‘ਚੋਂ 4 ਮਾਰੇ ਗਏ ਬਾਕੀ ਬਚੇ 27 ਜਣਿਆਂ ਦੇ ਖਿਲਾਫ਼ ਅਦਾਤਲ ਨੇ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਇਸ ਕੇਸ ਵਿੱਚ 20 ਮਈ ਤੋਂ ਰੈਗੁਲਰ ਸੁਣਵਾਈ ਸ਼ੁਰੂ ਹੋਵੇਗੀ।
ਸਰਕਾਰੀ ਵਕੀਲ ਪ੍ਰੀਤਇੰਦਰ ਸਿੰਘ ਚਾਹਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਸਾ ਸੈਸ਼ਨ ਅਦਾਲਤ ਨੇ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਇਸ ਦੌਰਾਨ ਮ੍ਰਿਤਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੂੰ ਦੋਸ਼ ਤੈਅ ਕਰਨ ‘ਚ ਕਾਫੀ ਸਮਾਂ ਲੱਗਾ, ਜਦਕਿ ਸਿੱਧੂ ਦੇ ਕਤਲ ਹੋਏ ਨੂੰ 24 ਮਹੀਨੇ ਹੋ ਚੁੱਕੇ ਹਨ।