#PUNJAB

ਮੂਸੇਵਾਲਾ ਕਤਲ ਕੇਸ: ਲਾਰੈਂਸ ਤੇ ਭਗਵਾਨਪੁਰੀਆ ਮਗਰੋਂ ਚੇਤਨ ਨੇ ਵੀ ਖ਼ੁਦ ਨੂੰ ਦੱਸਿਆ ਬੇਕਸੂਰ

ਮਾਨਸਾ ਦੀ ਅਦਾਲਤ ਵਿਚ 26 ਜਣਿਆਂ ਨੇ ਵੀ.ਸੀ. ਰਾਹੀਂ ਪੇਸ਼ੀ ਭੁਗਤੀ
ਮਾਨਸਾ, 5 ਜਨਵਰੀ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਕਤਲ ਕੇਸ ਵਿੱਚ ਦੋਸ਼ ਮੁਕਤ ਹੋਣ ਦੀ ਗੱਲ ਕਰਨ ਵਾਲੀਆਂ ਅਰਜ਼ੀਆਂ ‘ਤੇ ਹੇਠਲੀ ਅਦਾਲਤ ਵਿਚ ਜਵਾਬ ਦਾਇਰ ਕਰਨ ਵਿਚ ਅਸਫ਼ਲ ਰਹੀ। ਉਕਤ ਗੈਂਗਸਟਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਗਾਇਕ ਦੀ ਹੱਤਿਆ ਵਿਚ ਸ਼ਾਮਲ ਨਹੀਂ ਹਨ। ਇਸੇ ਦੌਰਾਨ ਅੱਜ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਉਰਫ਼ ਚੇਤਨ ਨੇ ਵੀ ਮਾਨਸਾ ਦੀ ਅਦਾਲਤ ਵਿਚ ਮੂਸੇਵਾਲਾ ਕਤਲ ਕੇਸ ਵਿਚ ਡਿਸਚਾਰਜ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਗਾਇਕ ਦੇ ਕਤਲ ਵਿਚ ਸ਼ਾਮਲ ਨਹੀਂ ਸੀ ਅਤੇ ਇਸ ਕੇਸ ਵਿਚ ਉਸ ਨੂੰ ਝੂਠਾ ਫਸਾਇਆ ਗਿਆ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਨੇ ਇਸ ਸਬੰਧੀ ਪੁਲਿਸ ਨੂੰ ਜਵਾਬ ਦਾਖ਼ਲ ਕਰਨ ਲਈ ਕਹਿੰਦਿਆਂ ਮਾਮਲੇ ਦੀ ਸੁਣਵਾਈ 23 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਵੱਖ-ਵੱਖ ਜੇਲ੍ਹਾਂ ਵਿਚ ਬੰਦ 26 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।